ਜਦੋਂ ਪਾਕਿਸਤਾਨ ਨਾਲ ਖੜ੍ਹੀ ਸੀ ਦੁਨੀਆ, ਰੂਸ ਨੇ ਭਾਰਤ ਦਾ ਸਾਥ ਦਿੱਤਾ: ਜੈਸ਼ੰਕਰ

Global Team
3 Min Read

ਨਿਊਜ਼ ਡੈਸਕ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਭਾਰਤ-ਰੂਸ ਸਬੰਧਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਦਿੱਲੀ ਵਿੱਚ ਮਿਊਨਿਖ ਸਕਿਓਰਿਟੀ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਦੇ ਕਈ ਦੇਸ਼ ਪਾਕਿਸਤਾਨ ਦੇ ਪੱਖ ਵਿੱਚ ਖੜ੍ਹੇ ਸਨ, ਉਸ ਸਮੇਂ ਰੂਸ ਨੇ ਭਾਰਤ ਦਾ ਸਾਥ ਦਿੱਤਾ। ਜੈਸ਼ੰਕਰ ਮੁਤਾਬਕ ਭਾਰਤ ਅਤੇ ਰੂਸ ਦੇ ਰਿਸ਼ਤੇ ਦਹਾਕਿਆਂ ਪੁਰਾਣੇ ਅਤੇ ਮਜ਼ਬੂਤ ਹਨ, ਜਿਨ੍ਹਾਂ ਨੂੰ ਸਿਰਫ਼ ਮੌਜੂਦਾ ਹਾਲਾਤਾਂ ਦੇ ਆਧਾਰ ’ਤੇ ਨਹੀਂ ਦੇਖਿਆ ਜਾ ਸਕਦਾ।

ਕਸ਼ਮੀਰ ਸਮੇਤ ਕਈ ਮਸਲਿਆਂ ’ਤੇ ਰੂਸ ਨੇ ਦਿੱਤਾ ਭਾਰਤ ਦਾ ਸਾਥ

ਜੈਸ਼ੰਕਰ ਨੇ ਕਿਹਾ ਕਿ ਪਿਛਲੇ ਕਰੀਬ 70 ਸਾਲਾਂ ਦੌਰਾਨ ਰੂਸ ਨੇ ਕਈ ਮਹੱਤਵਪੂਰਨ ਮਾਮਲਿਆਂ ਵਿੱਚ ਭਾਰਤ ਦਾ ਸਮਰਥਨ ਕੀਤਾ ਹੈ। ਇਨ੍ਹਾਂ ਵਿੱਚ ਕਸ਼ਮੀਰ ਨਾਲ ਜੁੜਿਆ ਮਸਲਾ ਵੀ ਸ਼ਾਮਲ ਹੈ।

20 ਫਰਵਰੀ 1957 ਨੂੰ ਆਸਟ੍ਰੇਲੀਆ, ਕਿਊਬਾ, ਬ੍ਰਿਟੇਨ ਅਤੇ ਅਮਰੀਕਾ ਵੱਲੋਂ ਕਸ਼ਮੀਰ ਸਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਇਸ ਵਿੱਚ ਕਸ਼ਮੀਰ ਵਿੱਚ ਅਸਥਾਈ ਸੰਯੁਕਤ ਰਾਸ਼ਟਰ ਬਲ ਤਾਇਨਾਤ ਕਰਨ ਦੇ ਵਿਚਾਰ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਗਈ ਸੀ। ਇਸ ਪ੍ਰਸਤਾਵ ਨੂੰ 9 ਦੇਸ਼ਾਂ ਦਾ ਸਮਰਥਨ ਮਿਲਿਆ, ਪਰ ਉਸ ਸਮੇਂ ਸੋਵੀਅਤ ਸੰਘ ਨੇ ਵੀਟੋ ਕਰ ਦਿੱਤਾ। ਇਸ ਕਾਰਨ ਪ੍ਰਸਤਾਵ ਪਾਸ ਨਹੀਂ ਹੋ ਸਕਿਆ।

1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਚੀਨ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ ਅਤੇ ਭਾਰਤ ’ਤੇ ਦਬਾਅ ਬਣਾਉਣ ਲਈ ਆਪਣੀ ਸਰਹੱਦ ਨੇੜੇ ਫੌਜ ਤਾਇਨਾਤ ਕੀਤੀ ਸੀ। ਈਰਾਨ ਅਤੇ ਤੁਰਕੀਏ ਨੇ ਵੀ ਪਾਕਿਸਤਾਨ ਦਾ ਸਾਥ ਦਿੱਤਾ। ਈਰਾਨ ਵੱਲੋਂ ਪਾਕਿਸਤਾਨ ਨੂੰ ਹਥਿਆਰ ਅਤੇ ਈਂਧਨ ਮੁਹੱਈਆ ਕਰਵਾਉਣ ਦੀ ਗੱਲ ਵੀ ਸਾਹਮਣੇ ਆਈ ਸੀ।

1971 ਦੀ ਬੰਗਲਾਦੇਸ਼ ਜੰਗ ਦੌਰਾਨ ਵੀ ਅਮਰੀਕਾ ਅਤੇ ਚੀਨ ਪਾਕਿਸਤਾਨ ਦੇ ਪੱਖ ਵਿੱਚ ਸਨ। ਅਮਰੀਕਾ ਨੇ ਆਪਣਾ ਜੰਗੀ ਜਹਾਜ਼ ਬੰਗਾਲ ਦੀ ਖਾੜੀ ਵੱਲ ਭੇਜਿਆ ਸੀ। ਇਸੇ ਦੌਰਾਨ ਈਰਾਨ ਨੇ ਵੀ ਪਾਕਿਸਤਾਨ ਲਈ ਹਥਿਆਰ ਇਕੱਠੇ ਕਰਨ ਅਤੇ ਫੌਜੀ ਸਾਮਾਨ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਸੀ।

ਰੂਸ-ਯੂਕਰੇਨ ਜੰਗ ’ਤੇ ਭਾਰਤ ਦਾ ਰੁਖ

ਜੈਸ਼ੰਕਰ ਨੇ ਰੂਸ-ਯੂਕਰੇਨ ਜੰਗ ਬਾਰੇ ਵੀ ਭਾਰਤ ਦਾ ਪੁਰਾਣਾ ਰੁਖ ਦੁਹਰਾਇਆ। ਉਨ੍ਹਾਂ ਕਿਹਾ ਕਿ ਜੰਗ ਨੂੰ ਖਤਮ ਕਰਨ ਲਈ ਗੱਲਬਾਤ, ਕੂਟਨੀਤੀ ਅਤੇ ਸਮਝੌਤੇ ਦਾ ਰਸਤਾ ਅਪਣਾਉਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ। 2022 ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੌਰਾਨ ਮੋਦੀ ਨੇ ਕਿਹਾ ਸੀ ਕਿ ਇਹ ਦੌਰ ਜੰਗ ਦਾ ਨਹੀਂ ਹੈ।

ਜੈਸ਼ੰਕਰ ਨੇ ਦੱਸਿਆ ਕਿ ਭਾਰਤ ਨੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਗੱਲਬਾਤ ਕੀਤੀ ਹੈ। ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ ਕਾਲਾ ਸਾਗਰ ਵਿੱਚ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ, ਅਨਾਜ ਅਤੇ ਊਰਜਾ ਦੀ ਬਰਾਮਦ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ’ਤੇ ਹਮਲੇ ਰੋਕਣ ਵਰਗੇ ਮੁੱਦੇ ਸ਼ਾਮਲ ਰਹੇ ਹਨ।

Share This Article
Leave a Comment