ਵਾਸ਼ਿੰਗਟਨ: ਅਮਰੀਕਾ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸੋਮਵਾਰ ਨੂੰ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਤਕਨੀਕੀ ਖਰਾਬੀ ਕਾਰਨ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ, ਜਦਕਿ ਨਿਊਯਾਰਕ ਦੇ ਤਿੰਨ ਵੱਡੇ ਹਵਾਈ ਅੱਡਿਆਂ ਜੌਹਨ ਐੱਫ. ਕੈਨੇਡੀ (JFK), ਲਾ ਗਾਰਡੀਆ ਅਤੇ ਨੇਵਾਰਕ ’ਤੇ ਕਈ ਘੰਟਿਆਂ ਤੱਕ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਫਿਲਾਡੈਲਫੀਆ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ’ਤੇ ਵੀ ਇਸ ਦਾ ਅਸਰ ਪਿਆ।
ਇਹ ਸਮੱਸਿਆ ਉਸ ਸਮੇਂ ਸਾਹਮਣੇ ਆਈ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਵਿਦੇਸ਼ੀ ਆਗੂ ਨਿਊਯਾਰਕ ਪਹੁੰਚ ਰਹੇ ਹਨ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਸ਼ਿੰਗਟਨ ਡੀ.ਸੀ. ਤੋਂ ਨਿਊਯਾਰਕ ਜਾਣ ਵਾਲੀ ਉਡਾਣ ਆਪਣੇ ਨਿਰਧਾਰਤ ਸਮੇਂ ’ਤੇ ਰਵਾਨਾ ਹੋਈ।
ਫਿਲਾਡੈਲਫੀਆ ਏਅਰ ਟ੍ਰੈਫਿਕ ਸੈਂਟਰ ’ਚ ਮੁੱਖ ਸਰਕਟ ਫੇਲ੍ਹ
ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ, ਸੋਮਵਾਰ ਸਵੇਰੇ ਫਿਲਾਡੈਲਫੀਆ ਸਥਿਤ ਇੱਕ ਏਅਰ ਟ੍ਰੈਫਿਕ ਕੰਟਰੋਲ ਸਹੂਲਤ ਵਿੱਚ ਮੁੱਖ ਸਰਕਟ ਫੇਲ ਹੋ ਗਿਆ। ਇਹ ਸਹੂਲਤ ਫਿਲਾਡੈਲਫੀਆ ਦੇ ਨਾਲ-ਨਾਲ ਨਿਊਯਾਰਕ ਦੇ ਪ੍ਰਮੁੱਖ ਹਵਾਈ ਅੱਡਿਆਂ ਲਈ ਹਵਾਈ ਆਵਾਜਾਈ ਨੂੰ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਮੁੱਖ ਸਰਕਟ ਵਿੱਚ ਖਰਾਬੀ ਆਉਣ ਕਾਰਨ ਇਸ ਖੇਤਰ ਵਿੱਚ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ।
ਬੈਕਅਪ ਫਾਈਬਰ ਲਾਈਨ ਵੀ ਨੁਕਸਾਨੀ ਗਈ
ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ FAA ਨੂੰ ਪਤਾ ਲੱਗਿਆ ਕਿ ਬੈਕਅਪ ਫਾਈਬਰ ਆਪਟਿਕ ਲਾਈਨ ਵੀ ਕੰਮ ਨਹੀਂ ਕਰ ਰਹੀ ਸੀ। ਦੱਸਿਆ ਗਿਆ ਕਿ ਨਿਊ ਬਰੰਸਵਿਕ ਅਤੇ ਨੇਵਾਰਕ, ਨਿਊ ਜਰਸੀ ਦੇ ਵਿਚਾਲੇ ਨਿਰਮਾਣ ਕਾਰਜ ਦੌਰਾਨ ਇਹ ਲਾਈਨ ਨੁਕਸਾਨੀ ਗਈ ਸੀ।
ਇਸ ਕਾਰਨ ਮੁੱਖ ਕਨੈਕਸ਼ਨ ਫੇਲ ਹੋਣ ਤੋਂ ਬਾਅਦ ਵਰਤੀ ਜਾਣ ਵਾਲੀ ਬੈਕਅਪ ਵਿਵਸਥਾ ਵੀ ਉਪਲਬਧ ਨਹੀਂ ਰਹੀ।
ਦੋਵੇਂ ਕਨੈਕਸ਼ਨ ਠੀਕ ਕਰਨ ’ਚ ਜੁਟੀ FAA
FAA ਪ੍ਰਸ਼ਾਸਕ ਬ੍ਰਾਇਨ ਬੈਡਫੋਰਡ ਨੇ ਦੱਸਿਆ ਕਿ ਏਜੰਸੀ ਮੁੱਖ ਲਾਈਨ ’ਤੇ ਨਵਾਂ ਸਰਕਟ ਲਗਾਉਣ ਦੇ ਨਾਲ ਬੈਕਅਪ ਫਾਈਬਰ ਆਪਟਿਕ ਲਾਈਨ ਦੀ ਮੁਰੰਮਤ ਕਰਨ ਵਿੱਚ ਵੀ ਲੱਗੀ ਹੋਈ ਹੈ। ਏਜੰਸੀ ਦਾ ਉਦੇਸ਼ ਏਅਰ ਟ੍ਰੈਫਿਕ ਕੰਟਰੋਲ ਲਈ ਲੋੜੀਂਦੀ ਕਨੈਕਟੀਵਿਟੀ ਨੂੰ ਜਲਦ ਤੋਂ ਜਲਦ ਬਹਾਲ ਕਰਨਾ ਹੈ।
ਹਾਲਾਂਕਿ ਪੂਰੀ ਵਿਵਸਥਾ ਆਮ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਤੁਰੰਤ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।
ਬੈਕਅਪ ਲਾਈਨ ਠੀਕ ਹੋਣ ’ਚ ਲੱਗ ਸਕਦੇ ਹਨ 13 ਘੰਟੇ
ਬ੍ਰਾਇਨ ਬੈਡਫੋਰਡ ਮੁਤਾਬਕ, ਬੈਕਅਪ ਫਾਈਬਰ ਲਾਈਨ ਦੀ ਮੁਰੰਮਤ ਵਿੱਚ ਲਗਭਗ 13 ਘੰਟੇ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡਾ ਨੁਕਸਾਨ ਹੈ ਅਤੇ FAA ਇਸ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ।
ਸੋਮਵਾਰ ਨੂੰ ਫੇਲ ਹੋਇਆ ਮੁੱਖ ਸਰਕਟ ਪਹਿਲਾਂ ਹੀ ਅਮਰੀਕਾ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਕੀਤੇ ਜਾ ਰਹੇ ਵੱਡੇ ਬਦਲਾਅ ਤਹਿਤ ਬਦਲਿਆ ਜਾਣਾ ਸੀ।
ਕੁਝ ਉਡਾਣਾਂ ਮੁੜ ਸ਼ੁਰੂ, ਪਰ ਦੇਰੀ ਜਾਰੀ ਰਹਿਣ ਦਾ ਖਦਸ਼ਾ
ਸੋਮਵਾਰ ਦੁਪਹਿਰ ਤੱਕ ਲਾ ਗਾਰਡੀਆ ਅਤੇ ਫਿਲਾਡੈਲਫੀਆ ਹਵਾਈ ਅੱਡਿਆਂ ’ਤੇ ਕੁਝ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਸਨ। ਇਸ ਦੇ ਬਾਵਜੂਦ ਦਿਨ ਦੇ ਬਾਕੀ ਸਮੇਂ ਦੌਰਾਨ ਉਡਾਣਾਂ ਵਿੱਚ ਦੇਰੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ।
ਕੁਝ ਏਅਰਲਾਈਨਾਂ ਨੇ ਪ੍ਰਭਾਵਿਤ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਆਪਣੀਆਂ ਉਡਾਣਾਂ ਬਦਲਣ ਦੀ ਸਹੂਲਤ ਵੀ ਦਿੱਤੀ।

