ਨਿਊਜ਼ ਡੈਸਕ: ਅਮਰੀਕਾ ਦੇ ਵਾਈਓਮਿੰਗ ਰਾਜ ਵਿੱਚ ਕੈਲੀਫੋਰਨੀਆ ਦੇ ਇੱਕ ਪੰਜਾਬੀ ਸਿੱਖ ਟਰੱਕ ਡਰਾਈਵਰ ‘ਤੇ ਚਾਕੂ ਨਾਲ ਕੀਤੇ ਗਏ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਹਮਲਾਵਰ ਨੇ ‘ਇੰਟਰਸਟੇਟ 80’ ਨੇੜੇ ਸਥਿਤ ਇੱਕ ‘ਰੈਸਟ ਏਰੀਆ’ (ਆਰਾਮ ਕਰਨ ਵਾਲੀ ਥਾਂ) ਦੇ ਪਖਾਨੇ ਵਿੱਚ ਦਾਖਲ ਹੋ ਕੇ ਪਹਿਲਾਂ ਡਰਾਈਵਰ ਦੇ ਸਿਰ ਅਤੇ ਗਰਦਨ ‘ਤੇ ਮੁੱਕੇ ਮਾਰੇ ਅਤੇ ਫਿਰ ਉਸ ਦੀਆਂ ਬਾਹਾਂ, ਛਾਤੀ ਅਤੇ ਪਸਲੀਆਂ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ।
ਇਸ ਹਮਲੇ ਵਿੱਚ 28 ਸਾਲਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਸੈਨ ਗੈਬਰੀਅਲ, ਕੈਲੀਫੋਰਨੀਆ ਦੇ ਰਹਿਣ ਵਾਲੇ 44 ਸਾਲਾ ਐਂਡਰਿਊ ਕ੍ਰਿਸ ਬਜ਼ਡੈਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਕਤਲ ਦੀ ਕੋਸ਼ਿਸ਼ ਕਰਨ ਦਾ ਸ਼ੱਕ ਹੈ। ਜ਼ਖ਼ਮੀ ਡਰਾਈਵਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਸੈਕਰਾਮੈਂਟੋ ਦੇ ਰਹਿਣ ਵਾਲੇ ਇੱਕ ਟਰੱਕ ਡਰਾਈਵਰ, ਸਿੰਘ ਨੇ ਦੱਸਿਆ ਕਿ ਉਹ ਆਪਣਾ ਟਰੱਕ ਖੜ੍ਹਾ ਕਰਨ ਤੋਂ ਬਾਅਦ ਰੈਸਟ-ਰੂਮ (ਪਖਾਨੇ) ਵਿੱਚ ਗਿਆ ਸੀ। ਸ਼ੀਸ਼ੇ ਵਿੱਚ ਦੇਖਦਿਆਂ ਉਸ ਨੇ ਇੱਕ ਅਣਜਾਣ ਵਿਅਕਤੀ ਨੂੰ ਪਿੱਛੋਂ ਆਉਂਦੇ ਹੋਏ ਦੇਖਿਆ। ਨੀਲੇ ਰੰਗ ਦਾ ਟਰੈਕਸੂਟ ਪਹਿਨੇ ਹਮਲਾਵਰ ਨੇ ਅਚਾਨਕ ਉਸ ਦੀ ਗਰਦਨ ‘ਤੇ ਮੁੱਕਾ ਮਾਰਿਆ, ਉਸ ਨੂੰ ਧੱਕਾ ਦੇ ਕੇ ਕੰਧ ਨਾਲ ਲਗਾ ਦਿੱਤਾ ਅਤੇ ਉਸ ਦੇ ਚਿਹਰੇ ‘ਤੇ ਕਈ ਵਾਰ, ਵਾਰ ਕੀਤੇ। ਸਿੰਘ ਨੇ ਹਮਲਾਵਰ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਨੇ ਚਾਕੂ ਕੱਢ ਕੇ ਉਸ ‘ਤੇ ਹਮਲਾ ਕਰ ਦਿੱਤਾ। ਸਿੰਘ ਅਨੁਸਾਰ, ਉਸ ਦੇ ਹੱਥਾਂ, ਗਰਦਨ ਅਤੇ ਛਾਤੀ ‘ਤੇ ਚਾਕੂ ਦੇ ਜ਼ਖ਼ਮ ਆਏ। ਉਸ ਦੀ ਛਾਤੀ ਦੇ ਖੱਬੇ ਪਾਸੇ, ਬਾਂਹ ਦੇ ਬਿਲਕੁਲ ਹੇਠਾਂ ਇੱਕ ਡੂੰਘਾ ਜ਼ਖ਼ਮ ਹੋਇਆ, ਜਦੋਂਕਿ ਸੱਜੇ ਹੱਥ ‘ਤੇ ਲੱਗੀ ਸੱਟ ਇੰਨੀ ਗੰਭੀਰ ਸੀ ਕਿ ਹੱਡੀ ਬਾਹਰ ਦਿਖਾਈ ਦੇਣ ਲੱਗ ਪਈ ਸੀ।
ਸਿੰਘ ਨੇ ਦੱਸਿਆ ਕਿ ਉਸਨੂੰ ਲੱਗਿਆ ਕਿ ਉਸਦੀ ਮੌਤ ਦਾ ਸਮਾਂ ਨੇੜੇ ਆ ਗਿਆ ਹੈ। ਖੂਨ ਵਹਿਣ ਦੇ ਬਾਵਜੂਦ, ਉਸਨੇ ਹਮਲਾਵਰ ਤੋਂ ਬਚਣ ਲਈ ਸੰਘਰਸ਼ ਜਾਰੀ ਰੱਖਿਆ। ਇਸੇ ਦੌਰਾਨ, ਮੁਲਜ਼ਮ ਗਿੱਲੀ ਫਰਸ਼ ‘ਤੇ ਤਿਲਕ ਗਿਆ। ਫਿਰ ਉਹ ਬਾਥਰੂਮ ਤੋਂ ਬਾਹਰ ਨਿਕਲਿਆ, ਆਪਣੇ ਟਰੱਕ ਵਿੱਚ ਸਵਾਰ ਹੋਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਸਿੰਘ ਮਦਦ ਲੈਣ ਲਈ ਹਨੇਰੇ ਵਾਲੇ ਪਾਰਕਿੰਗ ਖੇਤਰ ਵੱਲ ਵਧਿਆ ਅਤੇ 911 ‘ਤੇ ਕਾਲ ਕੀਤੀ।
ਇਸ ਦੌਰਾਨ, ਉਸਨੇ ਉੱਥੇ ਇੱਕ ਪਰਿਵਾਰ ਨੂੰ ਦੇਖਿਆ। ਉਸਨੇ ਉਨ੍ਹਾਂ ਨੂੰ ਹਮਲੇ ਬਾਰੇ ਦੱਸਿਆ ਅਤੇ ਮਦਦ ਮੰਗੀ। ਸਿੰਘ ਅਨੁਸਾਰ, ਪਰਿਵਾਰ ਨੇ ਹਮਲਾਵਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਉਸਦੀ ਮਦਦ ਲਈ ਵਾਪਸ ਆ ਗਏ। ਐਂਬੂਲੈਂਸ ਦੇ ਆਉਣ ਤੱਕ ਪਰਿਵਾਰਕ ਮੈਂਬਰ ਉਸਦੇ ਨਾਲ ਹੀ ਰਹੇ। ਸਿੰਘ ਨੇ ਉਨ੍ਹਾਂ ਦੀ ਮਦਦ ਲਈ ਧੰਨਵਾਦ ਪ੍ਰਗਟਾਇਆ।
ਸਪੈਨਿਸ਼ ਪਰਿਵਾਰ ਨੇ ਜ਼ਖ਼ਮੀ ਟਰੱਕ ਡਰਾਈਵਰ ਦੀ ਕੀਤੀ ਮਦਦ

