ਚੰਡੀਗੜ੍ਹ: ਚੰਡੀਗੜ੍ਹ ਵਿੱਚ ਪੈਟਰੋਲ ਦਾ ਲੰਗਰ ਲਗਾਉਣ ਦੇ ਐਲਾਨ ਤੋਂ ਬਾਅਦ ਵੰਡੇ ਜਾ ਰਹੇ ਕੂਪਨਾਂ ਨੂੰ ਲੈ ਕੇ ਵੱਡਾ ਫਰਜ਼ੀਵਾਡਾ ਸਾਹਮਣੇ ਆਇਆ ਹੈ। ਪੈਟਰੋਲ ਪੰਪ ’ਤੇ 2500 ਰੁਪਏ, 1000 ਰੁਪਏ ਅਤੇ 500 ਰੁਪਏ ਦੀ ਕੀਮਤ ਵਾਲੇ ਨਕਲੀ ਕੂਪਨ ਫੜੇ ਗਏ ਹਨ। ਮਾਮਲਾ ਸੈਕਟਰ-7 ਸਥਿਤ ਸਿੱਧੂ ਪੈਟਰੋਲ ਪੰਪ ’ਤੇ ਸਾਹਮਣੇ ਆਇਆ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਕੀਮਤਾਂ ਵਾਲੇ ਕੂਪਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਸਿਰ 300 ਰੁਪਏ ਵਾਲੇ ਕੂਪਨ ਹੀ ਸਵੀਕਾਰ ਕੀਤੇ ਜਾ ਰਹੇ ਹਨ।
ਕਾਗਜ਼ ਦੇ ਫਰਕ ਤੋਂ ਹੋਇਆ ਸ਼ੱਕ
ਪੈਟਰੋਲ ਪੰਪ ਸੰਚਾਲਕਾਂ ਨੂੰ ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ‘ਰਾਜਾ ਦੀ ਕਿੰਗ’ ਵੱਲੋਂ ਦਿੱਤੇ ਜਾ ਰਹੇ ਕੂਪਨਾਂ ਅਤੇ ਪੰਪ ’ਤੇ ਵਰਤੇ ਜਾਣ ਵਾਲੇ ਅਸਲੀ ਕੂਪਨਾਂ ਦੇ ਕਾਗਜ਼ ਵਿੱਚ ਫਰਕ ਨਜ਼ਰ ਆਇਆ।
ਰਾਜਾ ਦੀ ਕਿੰਗ ਵੱਲੋਂ ਦਿੱਤੇ ਗਏ ਕੂਪਨਾਂ ਦਾ ਕਾਗਜ਼ ਮੋਟਾ ਸੀ, ਜਦਕਿ ਪੰਪ ’ਤੇ ਮੌਜੂਦ ਕੂਪਨ ਹਲਕੇ ਕਾਗਜ਼ ’ਤੇ ਛਪੇ ਹੋਏ ਸਨ। ਸ਼ੱਕ ਪੈਣ ’ਤੇ ਪੰਪ ਸੰਚਾਲਕਾਂ ਨੇ ਰਾਕੇਸ਼ ਤ੍ਰੇਹਨ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਹ ਖੁਦ ਪੈਟਰੋਲ ਪੰਪ ’ਤੇ ਪਹੁੰਚੇ ਅਤੇ ਕੂਪਨਾਂ ਦੀ ਜਾਂਚ ਕੀਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ 2500, 1000 ਅਤੇ 500 ਰੁਪਏ ਵਾਲੇ ਕੂਪਨ ਕਿਸੇ ਵੱਲੋਂ ਨਕਲੀ ਤੌਰ ’ਤੇ ਛਾਪੇ ਗਏ ਸਨ। ਇਸ ਤੋਂ ਬਾਅਦ ਫਿਲਹਾਲ ਇਨ੍ਹਾਂ ਕੂਪਨਾਂ ਨੂੰ ਬੰਦ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਨਕਲੀ ਕੂਪਨ ਬਣਾਉਣ ਵਾਲਿਆਂ ਨੇ 300 ਰੁਪਏ ਵਾਲੇ ਕੂਪਨ ਦੀ ਨਕਲ ਨਹੀਂ ਕੀਤੀ, ਇਸ ਲਈ ਹੁਣ ਪੰਪ ’ਤੇ ਸਿਰਫ਼ ਇਹੀ ਕੂਪਨ ਲਏ ਜਾ ਰਹੇ ਹਨ।
ਨਵੇਂ ਕੂਪਨ ਤਿਆਰ ਕੀਤੇ ਜਾ ਰਹੇ
ਰਾਕੇਸ਼ ਤ੍ਰੇਹਨ ਨੇ ਦੱਸਿਆ ਕਿ ਪੈਟਰੋਲ ਲਈ ਨਵੇਂ ਕੂਪਨ ਤਿਆਰ ਕਰਵਾਏ ਗਏ ਹਨ, ਜਿਨ੍ਹਾਂ ਨੂੰ ਜਲਦ ਹੀ ਲੋਕਾਂ ਨੂੰ ਦਿੱਤਾ ਜਾਵੇਗਾ। ਪੈਟਰੋਲ ਦੇ ਲੰਗਰ ਦੇ ਐਲਾਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਕੂਪਨ ਵੰਡੇ ਜਾਣ ਦੀ ਗੱਲ ਸਾਹਮਣੇ ਆਈ ਸੀ। ਹੁਣ ਨਕਲੀ ਕੂਪਨਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੂਪਨ ਸਬੰਧੀ ਸਾਵਧਾਨੀ ਵਰਤੀ ਜਾ ਰਹੀ ਹੈ।
ਔਰਤਾਂ ਨੂੰ ਮੁਫ਼ਤ ਆਈਫੋਨ ਦੇਣ ਦੀ ਤਿਆਰੀ
ਰਾਕੇਸ਼ ਤ੍ਰੇਹਨ ਵੱਲੋਂ 21 ਸਤੰਬਰ ਤੋਂ ਬਾਅਦ ਔਰਤਾਂ ਨੂੰ ਮੁਫ਼ਤ ਆਈਫੋਨ ਦੇਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਲੜਕੀਆਂ ਦਾ ਵਾਟਸਐਪ ਗਰੁੱਪ ਬਣਾਇਆ ਗਿਆ ਹੈ।
ਗਰੁੱਪ ਵਿੱਚ ਸ਼ਾਮਲ ਹੋਣ ਲਈ ਦਿੱਤੇ ਗਏ ਨੰਬਰ ’ਤੇ ਫੋਨ ਕਰਨਾ ਹੋਵੇਗਾ। ਇਸ ਤੋਂ ਬਾਅਦ ਨੰਬਰ ਨੂੰ ਵਾਟਸਐਪ ਗਰੁੱਪ ਵਿੱਚ ਜੋੜਿਆ ਜਾਵੇਗਾ। ਗਰੁੱਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੈਂਬਰਾਂ ਨੂੰ ‘ਜੈ ਮਾਤਾ ਦੀ’ ਲਿਖਣ ਲਈ ਕਿਹਾ ਗਿਆ ਹੈ।
ਕੌਣ ਹਨ ‘ਰਾਜਾ ਦੀ ਕਿੰਗ’?
ਰਾਕੇਸ਼ ਤ੍ਰੇਹਨ ਨੂੰ ਸੋਸ਼ਲ ਮੀਡੀਆ ’ਤੇ ‘ਰਾਜਾ ਦੀ ਕਿੰਗ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਮੂਲ ਰੂਪ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਕੱਪੜਿਆਂ ਦੇ ਕਾਰੋਬਾਰੀ ਸਨ, ਜਿਨ੍ਹਾਂ ਦਾ ਹੁਣ ਦੇਹਾਂਤ ਹੋ ਚੁੱਕਾ ਹੈ। ਰਾਕੇਸ਼ ਦੇ ਮੁਤਾਬਕ, ਉਨ੍ਹਾਂ ਨੂੰ ਪਿਤਾ ਦੀ ਜਾਇਦਾਦ ਦਾ ਅੱਧਾ ਹਿੱਸਾ ਮਿਲਿਆ ਹੈ।
ਉਨ੍ਹਾਂ ਦੀ ਕੰਪਨੀ ਡਿਜੀਟਲ ਕਰੰਸੀ ਅਤੇ ਆਨਲਾਈਨ ਫਾਈਨੈਂਸ ਮਾਰਕੀਟ ਵਿੱਚ ਨਿਵੇਸ਼ ਅਤੇ ਟ੍ਰੇਡਿੰਗ ਨਾਲ ਜੁੜੀ ਦੱਸੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕਾਰੋਬਾਰ ਰੀਅਲ ਅਸਟੇਟ ਅਤੇ ਪ੍ਰਾਪਰਟੀ ਡੀਲਿੰਗ ਨਾਲ ਵੀ ਜੁੜਿਆ ਦੱਸਿਆ ਜਾਂਦਾ ਹੈ।
ਸਤੰਬਰ 2025 ਵਿੱਚ ਅੰਮ੍ਰਿਤਸਰ ਪੁਲਿਸ ਨੇ ਰਾਕੇਸ਼ ਤ੍ਰੇਹਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਸੀ। ਉਨ੍ਹਾਂ ’ਤੇ ਕੁਝ ਵੀਡੀਓਜ਼ ਵਿੱਚ ਦੇਵੀ-ਦੇਵਤਿਆਂ ਅਤੇ ਗੁਰੂਆਂ ਬਾਰੇ ਅਪਮਾਨਜਨਕ ਹਵਾਲੇ ਦੇਣ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

