ਜਲੰਧਰ ਹਾਰਪਿਕ ਨਾਲ ਕਤਲ ਦਾ ਮਾਮਲਾ, ਮੁਲਜ਼ਮ ਪਤੀ ਤੇ ਸੱਸ ਗ੍ਰਿਫ਼ਤਾਰ, ਮੁਲਜ਼ਮ ਦੀ ਪ੍ਰੇਮੀਕਾ ਦਾ ਵੀ ਹੋਇਆ ਖੁਲਾਸਾ

Global Team
2 Min Read

ਜਲੰਧਰ: ਜਲੰਧਰ ਦੇ ਸੇਂਟ ਸੋਲਜਰ ਕਾਲਜ ਦੀ ਲੈਕਚਰਾਰ ਨੇਹਾ ਬੱਸੀ ਨੂੰ ਟਾਇਲਟ ਕਲੀਨਰ ਹਾਰਪਿਕ ਪਿਲਾ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮੁਲਜ਼ਮ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਲੈਕਚਰਾਰ ਦੀ 6 ਸਾਲ ਦੀ ਮਾਸੂਮ ਧੀ ਨੂੰ ਵੀ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।

ਲਾਪਰਵਾਹੀ ਵਰਤਣ ‘ਤੇ ਏ.ਐੱਸ.ਆਈ. ਮੁਅੱਤਲ

ਇਸ ਸੰਵੇਦਨਸ਼ੀਲ ਮਾਮਲੇ ਵਿੱਚ ਢਿੱਲ-ਮੱਠ ਵਰਤਣ ਦੇ ਇਲਜ਼ਾਮਾਂ ਹੇਠ ਜਾਂਚ ਅਧਿਕਾਰੀ ਏ.ਐੱਸ.ਆਈ. ਬੋਧਰਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 19 ਅਗਸਤ ਨੂੰ ਨੇਹਾ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ 23 ਅਗਸਤ ਤੱਕ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸੀ। 23 ਅਗਸਤ ਨੂੰ ਨੇਹਾ ਦੀ ਮੌਤ ਹੋਣ, ਮਾਮਲਾ ਜਨਤਕ ਹੋਣ ਅਤੇ ਜੱਜ ਵੱਲੋਂ ਹਸਪਤਾਲ ਪਹੁੰਚ ਕੇ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ ਹੀ ਕਰਤਾਰਪੁਰ ਪੁਲਿਸ ਹਰਕਤ ਵਿੱਚ ਆਈ ਸੀ।

ਮੁਲਜ਼ਮ ਦੀ ਪ੍ਰੇਮਿਕਾ ਦੇ ਪਤੀ ਨੇ ਖੋਲ੍ਹੇ ਅਹਿਮ ਰਾਜ਼

ਕਤਲ ਕੇਸ ਵਿੱਚ ਉਮੰਗ ਬੱਸੀ ਦੀ ਪ੍ਰੇਮਿਕਾ ਸਤਪਾਲ ਕੌਰ ਦੇ ਪਤੀ ਵਿਸ਼ਾਲ ਸ਼ਰਮਾ ਵੀ ਸਾਹਮਣੇ ਆ ਗਏ, ਵਿਸ਼ਾਲ ਨੇ ਕਈ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਵਿਸ਼ਾਲ ਅਨੁਸਾਰ ਉਸਦਾ 11 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ 9 ਸਾਲ ਦੀ ਬੱਚੀ ਹੈ। ਉਹ ਹੈਦਰਾਬਾਦ ਵਿੱਚ ਸਾਈਬਰ ਸਕਿਓਰਿਟੀ ਕੰਸਲਟੈਂਟ ਵਜੋਂ ਨੌਕਰੀ ਕਰਦਾ ਸੀ ਅਤੇ ਮਿੱਠਾਪੁਰ ਵਿੱਚ ਕਰੀਬ ਇੱਕ ਕਰੋੜ ਦਾ ਮਕਾਨ ਵੀ ਪਤਨੀ ਦੇ ਨਾਂ ਕਰਵਾਇਆ ਹੋਇਆ ਸੀ।

ਨਾਜਾਇਜ਼ ਸਬੰਧ ਅਤੇ ਰਸਤੇ ਵਿੱਚੋਂ ਹਟਾਉਣ ਦੀ ਸਾਜ਼ਿਸ਼

ਵਿਸ਼ਾਲ ਨੇ ਦੱਸਿਆ ਕਿ ਉਮੰਗ ਅਤੇ ਸਤਪਾਲ ਕੌਰ ਬਚਪਨ ਦੇ ਜਮਾਤੀ ਸਨ ਅਤੇ ਕਰੀਬ 3 ਸਾਲ ਪਹਿਲਾਂ ਫੇਸਬੁੱਕ ਰਾਹੀਂ ਦੁਬਾਰਾ ਸੰਪਰਕ ਵਿੱਚ ਆਏ ਸਨ। ਉਸ ਦੀ ਗੈਰ-ਹਾਜ਼ਰੀ ਵਿੱਚ ਉਮੰਗ ਉਨ੍ਹਾਂ ਦੇ ਪਟਿਆਲਾ ਸਥਿਤ ਘਰ ਆਉਂਦਾ ਸੀ।
ਕਰੀਬ 6 ਮਹੀਨੇ ਪਹਿਲਾਂ ਉਸ ਨੂੰ ਇਸ ਅਫੇਅਰ ਦੀ ਭਿਣਕ ਲੱਗੀ। ਉਸ ਨੇ ਦੋਵਾਂ ਵਿਚਾਲੇ ਹੋਈ 15 ਦਿਨਾਂ ਦੀ 206 ਪੰਨਿਆਂ ਦੀ ਵਟਸਐਪ ਚੈਟ ਫੜੀ, ਜਿਸ ਵਿੱਚ ਦੋਵੇਂ ਵਿਆਹ ਕਰਵਾਉਣ ਲਈ ਆਪਣੇ ਜੀਵਨ ਸਾਥੀਆਂ ਨੂੰ ਰਸਤੇ ਵਿੱਚੋਂ ਹਟਾਉਣ ਦੀ ਸਾਜ਼ਿਸ਼ ਰਚ ਰਹੇ ਸਨ। ਇਸੇ ਯੋਜਨਾ ਤਹਿਤ ਲੈਕਚਰਾਰ ਦਾ ਕਤਲ ਕੀਤਾ ਗਿਆ।

Share This Article
Leave a Comment