ਚੰਡੀਗੜ੍ਹ: ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੇ ਨਾਲ ਹੁਣ ਵਧਦਾ ਮੋਟਾਪਾ ਵੀ ਸਿਹਤ ਲਈ ਵੱਡੀ ਚੁਣੌਤੀ ਬਣਦਾ ਨਜ਼ਰ ਆ ਰਿਹਾ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS-6) 2023-24 ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ 15 ਤੋਂ 49 ਸਾਲ ਦੀਆਂ 44.7 ਫ਼ੀਸਦੀ ਔਰਤਾਂ ਓਵਰਵੇਟ ਜਾਂ ਮੋਟਾਪੇ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। NFHS-5 ਵਿੱਚ ਇਹ ਅੰਕੜਾ 40.8 ਫ਼ੀਸਦੀ ਸੀ। ਇਸੇ ਤਰ੍ਹਾਂ 37.5 ਫ਼ੀਸਦੀ ਪੁਰਸ਼ ਓਵਰਵੇਟ ਹਨ, ਜਦਕਿ ਪਿਛਲੀ ਰਿਪੋਰਟ ਵਿੱਚ ਇਹ ਅੰਕੜਾ 32.3 ਫ਼ੀਸਦੀ ਸੀ।
ਪਟਿਆਲਾ ਦੀਆਂ ਔਰਤਾਂ ’ਚ ਸਭ ਤੋਂ ਵੱਧ ਮੋਟਾਪਾ
ਜ਼ਿਲ੍ਹਾ ਪੱਧਰ ’ਤੇ ਪਟਿਆਲਾ ਵਿੱਚ ਔਰਤਾਂ ਦੇ ਓਵਰਵੇਟ ਜਾਂ ਮੋਟਾਪੇ ਦਾ ਅੰਕੜਾ ਸਭ ਤੋਂ ਵੱਧ 50.2 ਫ਼ੀਸਦੀ ਹੈ। ਇਸ ਤੋਂ ਬਾਅਦ ਹੁਸ਼ਿਆਰਪੁਰ 50 ਫ਼ੀਸਦੀ, ਫਤਿਹਗੜ੍ਹ ਸਾਹਿਬ 49.5 ਫ਼ੀਸਦੀ, ਨਵਾਂਸ਼ਹਿਰ 47.8 ਫ਼ੀਸਦੀ, ਲੁਧਿਆਣਾ 47.7 ਫ਼ੀਸਦੀ ਅਤੇ ਰੂਪਨਗਰ 47 ਫ਼ੀਸਦੀ ’ਤੇ ਹਨ।
ਤੰਬਾਕੂ ਦੀ ਵਰਤੋਂ ’ਚ ਪੁਰਸ਼ ਅੱਗੇ
ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 13.9 ਫ਼ੀਸਦੀ ਪੁਰਸ਼ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦੇ ਹਨ। NFHS-5 ਵਿੱਚ ਇਹ ਅੰਕੜਾ 12.8 ਫ਼ੀਸਦੀ ਸੀ। ਜ਼ਿਲ੍ਹਿਆਂ ਵਿੱਚ ਪਠਾਨਕੋਟ 20 ਫ਼ੀਸਦੀ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਮੋਹਾਲੀ 18.4 ਫ਼ੀਸਦੀ, ਫਾਜ਼ਿਲਕਾ 18 ਫ਼ੀਸਦੀ ਅਤੇ ਹੁਸ਼ਿਆਰਪੁਰ 17 ਫ਼ੀਸਦੀ ਹਨ। ਔਰਤਾਂ ਵਿੱਚ ਤੰਬਾਕੂ ਦੀ ਵਰਤੋਂ 0.5 ਫ਼ੀਸਦੀ ਹੈ ਅਤੇ ਮੋਗਾ ਵਿੱਚ ਇਹ ਸਭ ਤੋਂ ਵੱਧ 1 ਫ਼ੀਸਦੀ ਦਰਜ ਕੀਤੀ ਗਈ।
ਪੰਜਾਬ ’ਚ 22.9% ਪੁਰਸ਼ ਸ਼ਰਾਬ ਦਾ ਸੇਵਨ ਕਰਦੇ
NFHS-6 ਮੁਤਾਬਕ ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 22.9 ਫ਼ੀਸਦੀ ਪੁਰਸ਼ ਸ਼ਰਾਬ ਦਾ ਸੇਵਨ ਕਰਦੇ ਹਨ। NFHS-5 ਵਿੱਚ ਇਹ ਅੰਕੜਾ 22.8 ਫ਼ੀਸਦੀ ਸੀ। ਔਰਤਾਂ ਵਿੱਚ ਇਹ ਅੰਕੜਾ 0.3 ਫ਼ੀਸਦੀ ਹੈ।
ਜ਼ਿਲ੍ਹਿਆਂ ਵਿੱਚ ਫਰੀਦਕੋਟ ਦੇ ਪੁਰਸ਼ ਵਿੱਚ ਸ਼ਰਾਬ ਦੀ ਵਰਤੋਂ ਸਭ ਤੋਂ ਵੱਧ 28.1 ਫ਼ੀਸਦੀ ਦਰਜ ਹੋਈ। ਪਠਾਨਕੋਟ 26.9 ਫ਼ੀਸਦੀ ਅਤੇ ਫਤਿਹਗੜ੍ਹ ਸਾਹਿਬ 26.3 ਫ਼ੀਸਦੀ ’ਤੇ ਹਨ। ਔਰਤਾਂ ਵਿੱਚ ਰੂਪਨਗਰ 0.9 ਫ਼ੀਸਦੀ ਨਾਲ ਸਭ ਤੋਂ ਅੱਗੇ ਹੈ।
ਬਲੱਡ ਸ਼ੂਗਰ ਤੇ ਹਾਈ BP ਦੇ ਅੰਕੜੇ ਵੀ ਸਾਹਮਣੇ ਆਏ
ਰਿਪੋਰਟ ਅਨੁਸਾਰ ਪੰਜਾਬ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ 21.3 ਫ਼ੀਸਦੀ ਔਰਤਾਂ ਅਤੇ 22.3 ਫ਼ੀਸਦੀ ਪੁਰਸ਼ਾਂ ਦਾ ਬਲੱਡ ਸ਼ੂਗਰ 140 mg/dl ਤੋਂ ਵੱਧ ਪਾਇਆ ਗਿਆ ਜਾਂ ਉਹ ਸ਼ੂਗਰ ਦੀ ਦਵਾਈ ਲੈ ਰਹੇ ਸਨ। ਹਾਈ ਬਲੱਡ ਪ੍ਰੈਸ਼ਰ ਦੀ ਗੱਲ ਕਰੀਏ ਤਾਂ 24.5 ਫ਼ੀਸਦੀ ਔਰਤਾਂ ਅਤੇ 26.3 ਫ਼ੀਸਦੀ ਪੁਰਸ਼ ਇਸ ਸ਼੍ਰੇਣੀ ਵਿੱਚ ਆਉਂਦੇ ਹਨ।
22 ਜ਼ਿਲ੍ਹਿਆਂ ਦੇ 19,616 ਘਰਾਂ ਦਾ ਸਰਵੇ
NFHS-6 ਤਹਿਤ ਪੰਜਾਬ ਦੇ 22 ਜ਼ਿਲ੍ਹਿਆਂ ਦੇ 19,616 ਘਰਾਂ ਦਾ ਸਰਵੇ ਕੀਤਾ ਗਿਆ। ਇਸ ਵਿੱਚ 20,135 ਔਰਤਾਂ ਅਤੇ 3,160 ਮਰਦਾਂ ਨਾਲ ਸਬੰਧਤ ਅੰਕੜੇ ਸ਼ਾਮਲ ਹਨ। ਰਿਪੋਰਟ ਵਿੱਚ ‘ਨਸ਼ੇ’ ਤਹਿਤ ਤੰਬਾਕੂ ਅਤੇ ਸ਼ਰਾਬ ਦੇ ਅੰਕੜੇ ਦਿੱਤੇ ਗਏ ਹਨ। ਚਿੱਟਾ, ਹੈਰੋਇਨ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਲਤ ਦਾ ਵੱਖਰਾ ਜ਼ਿਲ੍ਹਾ-ਪੱਧਰੀ ਅੰਕੜਾ ਇਸ ਰਿਪੋਰਟ ਵਿੱਚ ਨਹੀਂ ਦਿੱਤਾ ਗਿਆ।

