ਨਵੀਂ ਦੱਲੀ: ਦੇਸ਼ ਅੱਜ 80ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਲਈ ਰਵਾਨਾ ਹੋਣਗੇ, ਜਿੱਥੇ ਉਹ ਤਿਰੰਗਾ ਲਹਿਰਾਉਣਗੇ ਅਤੇ ਦੇਸ਼ ਨੂੰ ਸੰਬੋਧਨ ਕਰਨਗੇ।
ਲਾਲ ਕਿਲ੍ਹੇ ’ਤੇ ਪਹਿਲੀ ਵਾਰ ਗੂੰਜੇਗਾ ਵੰਦੇ ਮਾਤਰਮ
ਇਸ ਸਾਲ ਦੇ ਆਜ਼ਾਦੀ ਦਿਵਸ ਸਮਾਰੋਹ ਦੀ ਖਾਸ ਗੱਲ ਇਹ ਹੈ ਕਿ ਲਾਲ ਕਿਲ੍ਹੇ ’ਤੇ ਪਹਿਲੀ ਵਾਰ ‘ਵੰਦੇ ਮਾਤਰਮ’ ਗਾਇਆ ਜਾਵੇਗਾ। ਸਮਾਰੋਹ ਲਗਭਗ ਤਿੰਨ ਘੰਟਿਆਂ ਤੱਕ ਚੱਲੇਗਾ। ਸ਼ੁਰੂ ਵਿੱਚ ਸਸ਼ਸਤ੍ਰ ਬਲਾਂ ਅਤੇ ਦਿੱਲੀ ਪੁਲਿਸ ਦੇ ਜਵਾਨ ਪ੍ਰਧਾਨ ਮੰਤਰੀ ਨੂੰ ਗਾਰਡ ਆਫ਼ ਆਨਰ ਦੇਣਗੇ। ਇਸ ਤੋਂ ਬਾਅਦ ਰਾਸ਼ਟਰ ਗੀਤ ਹੋਵੇਗਾ ਅਤੇ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਣਗੇ। ਫਿਰ ਰਾਸ਼ਟਰਗਾਨ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ।
ਇਸ ਮੌਕੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ। 2,500 ਐਨਸੀਸੀ ਕੈਡੇਟ ਅਤੇ ਮਾਈ ਭਾਰਤ ਵਲੰਟੀਅਰ ਗਿਆਨਪਥ ’ਤੇ ‘ਵੰਦੇ ਮਾਤਰਮ’ ਦੀ ਆਕ੍ਰਿਤੀ ਬਣਾਉਣਗੇ।
ਸੁਰੱਖਿਆ ਦੇ ਸਖ਼ਤ ਪ੍ਰਬੰਧ
ਆਜ਼ਾਦੀ ਦਿਵਸ ਸਮਾਰੋਹ ਦੀ ਸੁਰੱਖਿਆ ਲਈ 15 ਤੋਂ 20 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਨਿਗਰਾਨੀ ਲਈ 1,000 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲਗਭਗ 5,000 ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ।
ਨੌਜਵਾਨਾਂ ’ਤੇ ਰਹੇਗਾ ਖਾਸ ਫੋਕਸ
ਇਸ ਵਾਰ ਸਮਾਰੋਹ ਵਿੱਚ ‘ਯੁਵਾ ਸ਼ਕਤੀ’ ਅਤੇ 2047 ਤੱਕ ਵਿਕਸਿਤ ਭਾਰਤ ਬਣਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਵਿਸ਼ੇਸ਼ ਜ਼ੋਰ ਰਹੇਗਾ। ਇੰਟਰਨੈਸ਼ਨਲ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਮੈਥਮੈਟਿਕਲ ਓਲੰਪਿਆਡ 2026 ਦੇ 19 ਮੈਡਲ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਨੌਜਵਾਨ ਇਨੋਵੇਟਰਾਂ, ਪੀਐਮ ਇੰਟਰਨਸ਼ਿਪ ਯੋਜਨਾ ਦੇ ਇੰਟਰਨਾਂ ਅਤੇ ਸਟਾਰਟਅੱਪ ਨਾਲ ਜੁੜੇ ਨੌਜਵਾਨਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਪੀਐਮ ਕੌਸ਼ਲ ਵਿਕਾਸ ਯੋਜਨਾ ਨਾਲ ਜੁੜੇ ਨੌਜਵਾਨਾਂ, ਮਾਈ ਭਾਰਤ ਵਲੰਟੀਅਰਾਂ ਅਤੇ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀ ਵੀ ਸਮਾਰੋਹ ਦਾ ਹਿੱਸਾ ਬਣਨਗੇ।
ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਸਕੂਲਾਂ ਦੀਆਂ ਕੁਇਜ਼ ਅਤੇ ਹੋਰ ਮੁਕਾਬਲਿਆਂ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਮਹਿਮਾਨ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਅਤੇ ਵਿਕਸਿਤ ਭਾਰਤ 2047 ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਖਾਸ ਫੋਕਸ ਰਹਿਣ ਦੀ ਉਮੀਦ ਹੈ।

