ਡੇਰਾ ਬੱਲਾਂ ’ਚ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ, CM ਮਾਨ ਨੇ 650ਵੇਂ ਪ੍ਰਕਾਸ਼ ਪੁਰਬ ਲਈ ਕੀਤਾ ਵੱਡਾ ਐਲਾਨ

Global Team
3 Min Read

ਜਲੰਧਰ: ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਸੱਚਖੰਡ ਬੱਲਾਂ ਵਿਖੇ ਗੁਰੂ ਰਵਿਦਾਸ ਜੀ ਦੇ ਬਾਣੀ ਅਧਿਐਨ ਕੇਂਦਰ ਦਾ ਰਸਮੀ ਤੌਰ ’ਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਨਤਮਸਤਕ ਹੁੰਦਿਆਂ ਉਨ੍ਹਾਂ ਦੀ ਬਾਣੀ ਨੂੰ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਦੱਸਿਆ।

ਇਕੱਠ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਕੱਢਣ ਦੇ ਨਾਲ-ਨਾਲ ਬਰਾਬਰੀ, ਭਾਈਚਾਰੇ, ਪਿਆਰ ਅਤੇ ਮਾਨਵਤਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ ਅਤੇ ਮਹਾਪੁਰਸ਼ਾਂ ਦੀ ਧਰਤੀ ਹੈ, ਜਿੱਥੇ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੀਆਂ ਕਦਰਾਂ-ਕੀਮਤਾਂ ਸਦੀਆਂ ਤੋਂ ਮਜ਼ਬੂਤ ਰਹੀਆਂ ਹਨ।

650ਵੇਂ ਪ੍ਰਕਾਸ਼ ਪੁਰਬ ਲਈ 100 ਕਰੋੜ ਰੁਪਏ ਦਾ ਬਜਟ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਇਸ ਲਈ ਸਰਕਾਰ ਨੇ ਸਮਾਗਮਾਂ ਅਤੇ ਸਬੰਧਤ ਵਿਕਾਸ ਕਾਰਜਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਡੇਰਾ ਬੱਲਾਂ ਵਿਖੇ ਬਣਨ ਵਾਲਾ ਬਾਣੀ ਅਧਿਐਨ ਕੇਂਦਰ ਗੁਰੂ ਸਾਹਿਬ ਦੀ ਬਾਣੀ ਦੇ ਡੂੰਘੇ ਅਧਿਐਨ ਅਤੇ ਖੋਜ ਲਈ ਮਹੱਤਵਪੂਰਨ ਕੇਂਦਰ ਹੋਵੇਗਾ। ਇੱਥੇ ਵਿਚਾਰ-ਵਟਾਂਦਰੇ ਦੇ ਨਾਲ ਗੁਰੂ ਰਵਿਦਾਸ ਜੀ ਦੇ ਫ਼ਲਸਫ਼ੇ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਲਈ ਕੰਮ ਕੀਤਾ ਜਾਵੇਗਾ।

ਸੰਤ ਨਿਰੰਜਨ ਦਾਸ ਦੀਆਂ ਸੇਵਾਵਾਂ ਦੀ ਸ਼ਲਾਘਾ

ਇਸ ਮੌਕੇ CM ਮਾਨ ਨੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਵੱਲੋਂ ਧਾਰਮਿਕ, ਸਮਾਜਿਕ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਦੇ ਪਿਛੜੇ ਅਤੇ ਲੋੜਵੰਦ ਵਰਗਾਂ ਦੀ ਭਲਾਈ ਲਈ ਸੰਤ ਨਿਰੰਜਨ ਦਾਸ ਜੀ ਵੱਲੋਂ ਕੀਤੇ ਜਾ ਰਹੇ ਕੰਮ ਮਿਸਾਲੀ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਨਿਸ਼ਕਾਮ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਲਈ ਸੰਤ ਨਿਰੰਜਨ ਦਾਸ ਜੀ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਸਨਮਾਨ ਮਿਲਣਾ ਪੰਜਾਬ ਅਤੇ ਦੁਨੀਆ ਭਰ ਵਿੱਚ ਵਸਦੀ ਸੰਗਤ ਲਈ ਮਾਣ ਵਾਲੀ ਗੱਲ ਹੈ।

ਸਮਾਗਮ ਦੌਰਾਨ ਡੇਰਾ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸਰਕਾਰ ਨੇ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਂਦਿਆਂ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੰਮ ਜਾਰੀ ਰਹੇਗਾ।

Share This Article
Leave a Comment