SGPC ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਵਿਦੇਸ਼ ਨਹੀਂ ਭੇਜੇ ਜਾਣਗੇ ਪਾਵਨ ਸਰੂਪ

Global Team
3 Min Read

ਅੰਮ੍ਰਿਤਸਰ: ਕੈਨੇਡਾ ਭੇਜੀਆਂ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅਹਿਮ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਗਲੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੱਕ ਹੁਣ ਕੋਈ ਵੀ ਪਾਵਨ ਸਰੂਪ ਵਿਦੇਸ਼ ਨਹੀਂ ਭੇਜਿਆ ਜਾਵੇਗਾ।

ਇਸ ਮਾਮਲੇ ਨੂੰ ਲੈ ਕੇ ਕੈਨੇਡਾ ਦੇ ਵੈਨਕੁਵਰ ਅਤੇ ਲੋਅਰ ਮੇਨਲੈਂਡ ਦੀ ਸਿੱਖ ਸੰਗਤ ਵੱਲੋਂ ਤਿਆਰ ਕੀਤਾ ਗਿਆ ਇੱਕ ਸੁਝਾਅ ਪੱਤਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਸੌਂਪਿਆ ਗਿਆ। ਇਹ ਪੱਤਰ SGPC ਵੱਲੋਂ ਵਿਦੇਸ਼ਾਂ ਵਿੱਚ ਪਾਵਨ ਸਰੂਪ ਭੇਜਣ ਸਬੰਧੀ ਮੌਜੂਦਾ ਪ੍ਰਕਿਰਿਆ ਬਾਰੇ ਸੁਝਾਵਾਂ ਨਾਲ ਸੰਬੰਧਿਤ ਹੈ।

2009 ਦੇ ਵਿਧਾਨ ਅਨੁਸਾਰ ਭੇਜੇ ਗਏ ਸਨ ਸਰੂਪ

SGPC ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਕੈਨੇਡਾ ਭੇਜੇ ਗਏ ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2009 ਵਿੱਚ ਬਣਾਏ ਗਏ ਵਿਧਾਨ ਅਤੇ ਅੰਤਰਿੰਗ ਕਮੇਟੀ ਦੇ ਮਤੇ ਅਨੁਸਾਰ ਉੱਥੋਂ ਦੀ ਸੰਗਤ ਦੀ ਮੰਗ ‘ਤੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਜਾਂ ਅਣਗਹਿਲੀ ਨਹੀਂ ਹੋਈ।

ਉਨ੍ਹਾਂ ਦੱਸਿਆ ਕਿ ਸੰਗਤ ਵੱਲੋਂ ਮਿਲੇ ਸੁਝਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਵਿਚਾਰ ਲਈ ਭੇਜਿਆ ਜਾਵੇਗਾ। ਜਦੋਂ ਪੰਜ ਸਿੰਘ ਸਾਹਿਬਾਨ ਇਸ ਮਾਮਲੇ ‘ਤੇ ਵਿਚਾਰ ਕਰਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ, ਉਸ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ। ਇਸ ਸਮੇਂ ਤੱਕ ਵਿਦੇਸ਼ਾਂ ਵਿੱਚ ਪਾਵਨ ਬੀੜਾਂ ਭੇਜਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ।

ਬੇਅਦਬੀ ਦੇ ਦੋਸ਼ਾਂ ਨੂੰ ਦੱਸਿਆ ਗਲਤ

SGPC ਨੇ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਾਵਨ ਸਰੂਪ ਖਸਤਾ ਹਾਲਤ ਵਾਲੀ ਬੱਸ ਜਾਂ ਕੰਟੇਨਰ ਵਿੱਚ ਭੇਜੇ ਗਏ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ। ਕਮੇਟੀ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਕਰਾਰ ਦਿੱਤਾ।

ਕਾਹਲਵਾਂ ਨੇ ਕਿਹਾ ਕਿ ਪਾਵਨ ਸਰੂਪ ਇੱਕ ਨਵੀਂ ਅਤੇ ਵਿਸ਼ੇਸ਼ ਪਾਲਕੀ ਰੂਪੀ ਬੱਸ ਵਿੱਚ ਪੂਰੀ ਮਰਯਾਦਾ, ਨਿਯਮਾਂ ਅਤੇ ਸਤਿਕਾਰ ਨਾਲ ਸੁਖਆਸਨ ਰੂਪ ਵਿੱਚ ਭੇਜੇ ਗਏ ਸਨ। ਕੈਨੇਡਾ ਪਹੁੰਚਣ ‘ਤੇ ਸੰਗਤ ਨੇ ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਪੂਰੇ ਅਦਬ ਨਾਲ ਸਰੂਪ ਪ੍ਰਾਪਤ ਕਰਕੇ ਗੁਰੂ ਘਰ ਵਿੱਚ ਬਿਰਾਜਮਾਨ ਕੀਤਾ।

ਸੰਗਤ ਨੂੰ ਗੁਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਅਪੀਲ

SGPC ਅਨੁਸਾਰ ਜਿਸ ਗੁਰਦੁਆਰਾ ਸਾਹਿਬ ਵਿੱਚ ਸਰੂਪ ਭੇਜੇ ਗਏ, ਉੱਥੇ ਦੇ ਪ੍ਰਬੰਧ ਪਹਿਲਾਂ ਹੀ ਦੇਖੇ ਜਾ ਚੁੱਕੇ ਸਨ ਅਤੇ ਬਾਅਦ ਵਿੱਚ ਵੀ ਸੰਤੁਸ਼ਟੀਜਨਕ ਪਾਏ ਗਏ। ਕਮੇਟੀ ਨੇ ਕਿਹਾ ਕਿ ਪਾਵਨ ਸਰੂਪ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਸੰਗਤ ਵੱਲੋਂ ਧੰਨਵਾਦ ਪੱਤਰ ਵੀ ਭੇਜੇ ਗਏ ਹਨ। ਅੰਤ ਵਿੱਚ SGPC ਨੇ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੰਤਿਮ ਫ਼ੈਸਲਾ ਆਉਣ ਤੱਕ ਕਿਸੇ ਵੀ ਤਰ੍ਹਾਂ ਦੀ ਅਪੁਸ਼ਟ ਜਾਂ ਗੁਮਰਾਹਕੁੰਨ ਜਾਣਕਾਰੀ ਤੋਂ ਸਾਵਧਾਨ ਰਹਿਣ।

Share This Article
Leave a Comment