ਲੁਧਿਆਣਾ : UG NEET 2026 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ ਪਹਿਲਾ ਰੈਂਕ ਲੁਧਿਆਣਾ ਦੇ ਰਹਿਣ ਵਾਲੇ ਆਰਿਅਨ ਗੁਪਤਾ ਨੇ ਹਾਸਿਲ ਕੀਤਾ ਹੈ। ਆਰਿਅਨ ਗੁਪਤਾ ਨੇ 720 ਵਿੱਚੋਂ 715 ਅੰਕ ਹਾਸਿਲ ਕਰਕੇ ਆਲ ਇੰਡੀਆ ਰੈਂਕ ਇੱਕ ਪ੍ਰਾਪਤ ਕੀਤਾ ਹੈ। ਲੁਧਿਆਣਾ ਦੇ ਦੁਗਰੀ ਦੇ ਰਹਿਣ ਵਾਲੇ ਆਰਿਅਨ ਗੁਪਤਾ ਵੱਲੋਂ ਦੇਸ਼ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਵਿੱਚੋਂ ਟਾਪ ਕਰਕੇ ਪੂਰੇ ਪੰਜਾਬ ਦੇ ਨਾਲ ਲੁਧਿਆਣਾ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਮਾਨ ਨੇ ਆਰਿਅ ਗੁਪਤਾ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਲਿਖਿਆ ਕਿ ਆਲ ਇੰਡੀਆ ਰੈਂਕ 1 ਹਾਸਿਲ ਕਰਨ ਤੇ ਲੁਧਿਆਣਾ ਦੇ 17 ਸਾਲਾ ਆਰਿਅਨ ਗੁਪਤਾ ਨੂੰ ਬਹੁਤ ਬਹੁਤ ਮੁਬਾਰਕਾਂ। ਪ੍ਰੀਖਿਆ ਰੱਦ ਹੋਣ ਦੀ ਨਿਰਾਸ਼ਾ ਨੂੰ ਆਪਣੀ ਤਾਕਤ ਬਣਾ ਕੇ ਆਰਿਅਨ ਨੇ ਸਾਬਿਤ ਕਰ ਦਿਤਾ ਹੈ ਕਿ ਮਿਹਨਤ ਅਤੇ ਲਗਨ ਅੱਗੇ ਕੋਈ ਵੀ ਮੰਜ਼ਿਲ ਦੂਰ ਨਹੀਂ, ਆਰਿਅਨ ਦੀ ਇਹ ਸ਼ਾਨਦਾਰ ਪ੍ਰਾਪਤੀ ਅਤੇ ਹੌਂਸਲਾ ਹਰ ਨੌਜਵਾਨ ਲਈ ਇਕ ਵੱਡੀ ਪ੍ਰੇਰਣਾ ਹੈ।

ਆਰਿਅਨ ਵੱਲੋਂ 10ਵੀ ਜਮਾਤ ਵਿੱਚ ਗਲੋਬਲੀ ਮੈਥ ‘ਚ ਟਾਪ ਰੈਂਕ ਹਾਸਿਲ ਕੀਤਾ ਸੀ। ਜਿਸ ਤੋਂ ਬਾਅਦ ਬਾਰਵੀਂ ਜਮਾਤ ਦੇ ਵਿੱਚ ਵੀ ਉਸ ਨੇ ਮੈਡੀਕਲ ਸਟ੍ਰੀਮ ਵਿੱਚ ਬੋਰਡ ਦੀ ਪ੍ਰੀਖਿਆ ਚੋਂ 97.2 ਅੰਕ ਹਾਸਿਲ ਕੀਤੇ। ਫਿਰ ਉਸ ਤੋਂ ਬਾਅਦ ਉਸ ਨੇ ਨੀਟ ਦੀ ਤਿਆਰੀ ਕੀਤੀ ਅਤੇ 2 ਸਾਲ ਸਖ਼ਤ ਮਿਹਨਤ ਤੋਂ ਬਾਅਦ ਉਸ ਵੱਲੋਂ ਇਹ ਮੁਕਾਮ ਹਾਸਿਲ ਕੀਤਾ ਗਿਆ ਹੈ।
ਆਰੀਅਨ ਗੁਪਤਾ ਦਾ ਸੁਪਨਾ ਬੀਤੇ ਕਈ ਸਾਲਾਂ ਤੋਂ ਇੱਕ ਨਾਮਵਰ ਮੈਡੀਕਲ ਸੰਸਥਾ ਤੋਂ ਐਮਬੀਬੀਐਸ ਪੂਰੀ ਕਰਕੇ ਡਾਕਟਰ ਬਣਨ ਦਾ ਰਿਹਾ ਹੈ। ਉਸਨੇ ਕਿਹਾ, “ਮੇਰਾ ਸੁਪਨਾ ਇੱਕ ਆਨਕੋਲਾਜਿਸਟ (ਕੈਂਸਰ ਮਾਹ) ਬਣਨਾ ਹੈ। ਜਦੋਂ ਮੈਂ ਤੀਜੀ ਜਮਾਤ ਵਿੱਚ ਸੀ, ਤਾਂ ਮੇਰੀ ਦਾਦੀ ਦੀ ਕੈਂਸਰ ਨਾਲ ਮੌਤ ਹੋ ਗਈ। ਉਦੋਂ ਮੈਂ ਕੈਂਸਰ ਸਪੈਸ਼ਲਿਸਟ ਬਣਨ ਦਾ ਸੰਕਲਪ ਲਿਆ ਸੀ।” ਉਸਨੇ ਅੱਗੇ ਕਿਹਾ ਕਿ ਉਸਨੂੰ ਅਜੇ ਵੀ ਜ਼ਿੰਦਗੀ ਵਿੱਚ ਬਹੁਤ ਕੁਝ ਪ੍ਰਾਪਤ ਕਰਨਾ ਹੈ, ਪਰ ਹੁਣ ਲਈ, ਉਹ ਇਸ ਸਫਲਤਾ ਤੋਂ ਬਹੁਤ ਖੁਸ਼ ਹੈ।
ਉਸਨੇ ਖੁਲਾਸਾ ਕੀਤਾ ਕਿ ਉਹ ਰੋਜ਼ਾਨਾ ਲਗਭਗ 16-17 ਘੰਟੇ ਪੜ੍ਹਾਈ ਕਰਦਾ ਸੀ। ਉਹ ਦੱਸਦਾ ਹੈ ਕਿ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਈ ਵਾਰ ਨੀਂਦ ਤੱਕ ਪੂਰੀ ਨਹੀਂ ਹੁੰਦੀ ਸੀ ਪਰ ਉਸ ਨੇ ਆਪਣੇ ਸੁਪਨਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ।
ਆਰਿਅਨ ਦੇ ਪਿਤਾ ਅਤੇ ਮਾਤਾ ਦੋਵੇਂ ਹੀ ਡਾਕਟਰ ਹਨ। ਉਸ ਦੇ ਪਿਤਾ ਦਾ ਨਾਮ ਡਾਕਟਰ ਸਚਿਨ ਗੁਪਤਾ ਹੈ, ਜੋ ਕਿ ਐਨਐਸਥੀਸੀਆ ਦੇ ਸਪੈਸ਼ਲ ਡਾਰੈਕਟਰ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਮਾਤਾ ਰੀਨੂੰ ਗੁਪਤਾ ਗਾਇਨੀ ਦੇ ਡਾਕਟਰ ਹਨ।
ਮਾਤਾ ਰੀਨੂੰ ਗੁਪਤਾ ਅਤੇ ਪਿਤਾ ਸਚਿਨ ਨੇ ਦੱਸਿਆ ਕਿ, “ਸਾਡੇ ਲਈ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ। ਆਰਿਅਨ ਨੇ ਦਿਨ-ਰਾਤ ਤਿਆਰੀ ਕੀਤੀ ਹੈ। ਰਾਤ ਨੂੰ ਕਈ ਵਾਰ ਜਬਰਦਸਤੀ ਸੌਂਣ ਲਈ ਕਹਿਣਾ ਪੈਂਦਾ ਸੀ। ਮੈਂ ਅਤੇ ਪਤੀ ਵੀ ਡਾਕਟਰ ਹਾਂ। ਸਾਡੇ ਵੱਡੇ ਵੀ ਡਾਕਟਰੀ ਪੇਸ਼ੇ ਵਿੱਚ ਰਹੇ ਹਨ। ਕਈ ਰਿਸ਼ਤੇਦਾਰ ਵੀ ਡਾਕਟਰੀ ਪੇਸ਼ੇ ਵਿੱਚ ਹਨ। ਆਰਿਅਨ ਕੈਂਸਰ ਮਰੀਜ਼ਾਂ ਦਾ ਡਾਕਟਰ ਬਣਨਾ ਚਾਹੁੰਦਾ ਹਾਂ। ਆਰਿਅਨ ਅਤੇ ਉਸ ਦਾ ਭਰਾ ਖੇਡਣ ਵਿੱਚ ਵੀ ਚੰਗੇ ਰਹੇ। ਮੇਰੇ ਵੱਡੇ ਪੁੱਤਰ ਨੇ ਵੀ 54ਵਾਂ ਰੈਂਕ ਹਾਸਿਲ ਕੀਤਾ ਸੀ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

