ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਲਕੇ ਪੰਜਾਬ ਦੌਰਾ; ਕੇਵਲ ਢਿੱਲੋਂ ਨੇ ਲਿਆ ਤਿਆਰੀਆਂ ਦਾ ਜਾਇਜ਼ਾ

Global Team
3 Min Read

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਦੁਪਹਿਰ ਲਗਭਗ ਸਵਾ 1 ਵਜੇ ਪੁੱਜਣਗੇ। ਫਿਰ ਇੱਥੇ ਇਕ ਵਿਸ਼ਾਲ ਰੈਲੀ ਕਰਨਗੇ। ਉਹ ਇੱਥੇ 45 ਮਿੰਟ ਰੁਕਣਗੇ। ਇਸ ਤੋਂ ਬਾਅਦ ਜਲੰਧਰ ਵਿੱਚ ਉਨ੍ਹਾਂ ਦੇ 4 ਪ੍ਰੋਗਰਾਮ ਹਨ।

ਜਲੰਧਰ ਵਿੱਚ 17 ਜੁਲਾਈ ਨੂੰ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀਆਂ ਤਿਆਰੀਆਂ ਦਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜਾਇਜ਼ਾ ਲਿਆ। ਭਾਜਪਾ ਸੂਬਾ ਪ੍ਰਧਾਨ ਨੇ ਜਲੰਧਰ ਕੈਂਟ ਦੇ ਨਵੇਂ ਬਣੇ ਰੇਲਵੇ ਸਟੇਸ਼ਨ ਅਤੇ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪੁਲਿਸ, ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀਆਂ ਨਾਲ ਪ੍ਰੋਗਰਾਮ ਸਬੰਧੀ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ।

ਇਸ ਮੌਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਵਿੱਚ ਕਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਦੇਣ ਆ ਰਹੇ ਹਨ। ਉਨ੍ਹਾਂ ਦੇ ਸ਼ਾਨਦਾਰ ਸਵਾਗਤ ਲਈ ਪੂਰੀ ਪੰਜਾਬ ਭਾਜਪਾ ਅਤੇ ਸੂਬੇ ਦੇ ਲੋਕ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਹਨ, ਸੂਬੇ ਲਈ ਕੋਈ ਨਾ ਵੱਡੀ ਸੌਗ਼ਾਤ ਲੈ ਕੇ ਆਉਂਦੇ ਹਨ। ਇਸ ਵਾਰ ਵੀ ਉਹ ਪੰਜਾਬ ਨੂੰ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦੇਣ ਜਾ ਰਹੇ ਹਨ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਇਸ ਦੌਰੇ ਦੌਰਾਨ ਪੰਜਾਬ ਦੇ ਚਾਰ ਪ੍ਰਮੁੱਖ ਰੇਲਵੇ ਸਟੇਸ਼ਨਾਂ- ਜਲੰਧਰ, ਮੋਹਾਲੀ, ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮੁੜ ਵਿਕਾਸ ਅਤੇ ਆਧੁਨਿਕੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਜਿੱਥੇ ਆਧੁਨਿਕ ਵੇਟਿੰਗ ਹਾਲ, ਮੁਫ਼ਤ ਵਾਈ-ਫਾਈ, ਉੱਨਤ ਪਲੇਟਫਾਰਮ, ਫੂਡ ਕੋਰਟ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਸਹੂਲਤ ਲਈ ਐਸਕੇਲੇਟਰ ਸਮੇਤ ਕਈ ਹਾਈਟੈਕ ਸਹੂਲਤਾਂ ਉਪਲਬਧ ਹੋਣਗੀਆਂ।

ਇਸੇ ਦੌਰਾਨ ਜਲੰਧਰ ਤੋਂ ਵਿਸ਼ੇਸ਼ ਤੌਰ ‘ਤੇ ‘ਸੰਤ ਰਵਿਦਾਸ ਜੀ ਐਕਸਪ੍ਰੈਸ’ ਰੇਲਗੱਡੀ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਪੰਜਾਬ ਦੇ ਵਿਕਾਸ ਲਈ ਕਈ ਹੋਰ ਅਹਿਮ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੇਂ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਪੀਜੀਆਈ ਚੰਡੀਗੜ੍ਹ ਵਿੱਚ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।

 

Share This Article
Leave a Comment