ਚੰਡੀਗੜ੍ਹ : ਵਾਹਨ ਚਾਲਕਾਂ ਨੂੰ ਹੁਣ ਨਿੱਜੀ ਕਾਰ ਅਤੇ ਹਲਕੇ ਮੋਟਰ ਵਾਹਨਾਂ ‘ਤੇ ਹੁਣ ਵੱਧ ਟੋਲ ਦੇਣਾ ਪਵੇਗਾ। ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚ ਸ਼ੁਮਾਰ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮਹਿਜ਼ ਸਾਢੇ ਤਿੰਨ ਮਹੀਨਿਆਂ ਦੇ ਅੰਦਰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਇੱਕ ਵਾਰ ਫਿਰ ਟੋਲ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।

ਇਸ ਫੈਸਲੇ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ‘ਤੇ ਕਾਰ ਚਾਲਕਾਂ ਨੂੰ ਹੁਣ 10 ਰੁਪਏ ਵੱਧ ਦੇਣੇ ਪੈਣਗੇ। ਇਸੇ ਤਰ੍ਹਾਂ ਸਾਰੇ ਵਾਹਨਾਂ ਦੇ ਰੇਟ ਵਧਾਏ ਗਏ ਹਨ। ਇਸ ਤੋਂ ਪਹਿਲਾਂ ਇੱਕ ਅਪ੍ਰੈਲ 2026 ਨੂੰ ਕਾਰ-ਜੀਪ ਦੇ ਟੋਲ ਰੇਟ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਫਿਰ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇੱਕ ਪਾਸੇ ਦੀ ਯਾਤਰਾ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ 10 ਰੁਪਏ ਤੋਂ ਲੈ ਕੇ 60 ਰੁਪਏ ਤੱਕ ਦਾ ਸਿੱਧਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਵਾਧੇ ਦਾ ਸਭ ਤੋਂ ਗੰਭੀਰ ਅਸਰ ਉਨ੍ਹਾਂ ਲੋਕਾਂ ‘ਤੇ ਪਵੇਗਾ ਜੋ ਰੋਜ਼ਾਨਾ ਕੰਮ ਦੇ ਸਿਲਸਿਲੇ ਵਿੱਚ ਇਸ ਮਾਰਗ ਤੋਂ ਲੰਘਦੇ ਹਨ। ਆਮ ਵਾਹਨ ਚਾਲਕਾਂ ਲਈ ਮਾਸਿਕ ਪਾਸ ਦੀ ਕੀਮਤ ਵਿੱਚ ਵੀ ਭਾਰੀ ਉਛਾਲ ਆਇਆ ਹੈ ਅਤੇ ਇਹ ਵਧ ਕੇ ਹੁਣ 7,815 ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ।
ਦੱਸ ਦਈਏ ਕਿ ਨਵੀਆਂ ਦਰਾਂ ਅਨੁਸਾਰ ਹੁਣ ਕਾਰ, ਜੀਪ, ਵੈਨ ਜਾਂ ਲਾਈਟ ਮੋਟਰ ਵਹੀਕਲ ਚਾਲਕਾਂ ਨੂੰ ਇੱਕ ਪਾਸੇ ਦੀ ਯਾਤਰਾ ਲਈ 225 ਰੁਪਏ ਦੀ ਜਗ੍ਹਾ 235 ਰੁਪਏ ਦੇਣੇ ਪੈਣਗੇ, ਯਾਨੀ ਸਿੱਧਾ 10 ਰੁਪਏ ਦਾ ਵਾਧਾ। ਛੋਟੇ ਕਮਰਸ਼ੀਅਲ ਵਾਹਨਾਂ ਅਤੇ ਮਿਨੀ ਬੱਸਾਂ ਲਈ ਸਿੰਗਲ ਜਰਨੀ ਦਾ ਰੇਟ 365 ਰੁਪਏ ਤੋਂ ਵਧਾ ਕੇ 380 ਰੁਪਏ (ਯਾਨੀ 15 ਰੁਪਏ ਦਾ ਵਾਧਾ) ਕਰ ਦਿੱਤਾ ਗਿਆ ਹੈ, ਜਦਕਿ ਇਨ੍ਹਾਂ ਦੀ ਰਿਟਰਨ ਜਰਨੀ ਲਈ ਹੁਣ 570 ਰੁਪਏ ਤੈਅ ਕੀਤੇ ਗਏ ਹਨ। ਸਥਾਨਕ ਟ੍ਰਾਂਸਪੋਰਟ ਅਤੇ ਲੋਜਿਸਟਿਕਸ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦੋ ਐਕਸਲ ਵਾਲੀਆਂ ਬੱਸਾਂ ਅਤੇ ਟਰੱਕਾਂ ਲਈ ਦਰਾਂ 765 ਰੁਪਏ ਤੋਂ ਵਧਾ ਕੇ 795 ਰੁਪਏ (ਯਾਨੀ 30 ਰੁਪਏ ਦਾ ਵਾਧਾ) ਕਰ ਦਿੱਤੀਆਂ ਗਈਆਂ ਹਨ, ਅਤੇ ਇਨ੍ਹਾਂ ਦੀ ਰਿਟਰਨ ਜਰਨੀ ਲਈ ਭਾਰੀ-ਭਰਕਮ 1,190 ਰੁਪਏ ਚੁਕਾਉਣੇ ਪੈਣਗੇ।

