ਹਰੀਕੇ ਪੱਤਣ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ; ਜਥੇਦਾਰ ਗੜਗੱਜ ਨੇ ਕੀਤੇ ਦੋ ਅਹਿਮ ਐਲਾਨ

Global Team
3 Min Read

ਸ੍ਰੀ ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਸਮੂਹ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 1984 ਅਤੇ ਬਾਅਦ ਦੇ ਦਹਾਕੇ ਦੇ ਸਮੂਹ ਸ਼ਹੀਦਾਂ ਅਤੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਅਤੇ ਪੀੜਤ ਪਰਿਵਾਰਾਂ ਤੇ ਪੰਥ ਨੂੰ ਇਨਸਾਫ਼ ਲਈ ਅਰਦਾਸ ਸਮਾਗਮ ਕੀਤਾ ਗਿਆ।

ਸਮਾਗਮ ਦੌਰਾਨ ਵਿਸ਼ੇਸ਼ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੁਸ਼ੋਭਿਤ ਕਰਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਸਿਮਰਪ੍ਰੀਤ ਸਿੰਘ ਦੇ ਹਜ਼ੂਰੀ ਰਾਗੀ ਜਥੇ ਨੇ ਰਸਭਿੰਨਾ ਗੁਰਬਾਣੀ ਕੀਰਤਨ ਸਮਗਤ ਨੂੰ ਸਰਵਣ ਕਰਵਾਇਆ। ਸਮਾਗਮ ਦੀ ਸਮਾਪਤੀ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਕੀਤੀ।

ਅਰਦਾਸ ਵਿੱਚ ਜਥੇਦਾਰ ਗੜਗੱਜ ਨੇ ਲਾਵਾਰਿਸ ਕਹਿ ਕੇ ਸਾੜੇ ਅਤੇ ਦਰਿਆਵਾਂ ਵਿੱਚ ਵਹਾਏ ਗਏ ਪੰਜਾਬ ਦੇ ਪੁੱਤਾਂ ਤੇ ਧੀਆਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਕਿ ਖ਼ਾਲਸਾ ਪੰਥ ਨੂੰ ਇਨਸਾਫ਼ ਲਈ ਬਲ ਬਖ਼ਸ਼ਣ। ਉਨ੍ਹਾਂ ਅਰਦਾਸ ਕੀਤੀ ਕਿ ਅੱਜ ਅਸੀਂ ਜਿੱਥੇ (ਹਰੀਕੇ ਪੱਤਣ) ਵਿਖੇ ਖੜ੍ਹੇ ਹਾਂ ਇੱਥੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਨੌਜਵਾਨਾਂ, ਭੈਣਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਕਤਲ ਕਰਕੇ ਵਹਾਇਆ ਗਿਆ ਹੈ।

ਉਨ੍ਹਾਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੌਤ ਤੋਂ ਬਾਅਦ ਸਰੀਰ ਨਾਲ ਸਾਰੇ ਵੈਰ ਵਿਰੋਧ ਮੁੱਕ ਜਾਂਦੇ ਹਨ, ਪਰ ਇੱਥੇ ਸਮੇਂ ਦੀ ਜਾਲਮ ਹਕੂਮਤ ਨੇ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ, ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਿੱਖਾਂ ਹਿੰਦੂਆਂ ਦੇ ਸਰੀਰ ਵੀ ਵਾਰਸਾਂ ਨੂੰ ਨਾ ਦਿੱਤੇ ਗਏ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਮ੍ਰਿਤਕ ਸਰੀਰਾਂ ਨਾਲ ਵੈਰ ਕਮਾਉਣ ਵਾਲੇ ਹਾਕਮਾਂ ਦਾ ਲੇਖਾ ਸੱਚੇ ਪਾਤਸ਼ਾਹ ਆਪ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇੱਥੇ ਦਰਿਆ ਸਤਲੁਜ ਬਿਆਸ ਦੇ ਸੰਗਮ ਤੇ ਪੰਜਾਬ ਦੇ ਹੋਰ ਦਰਿਆਵਾਂ, ਪੱਤਣਾਂ ਤੇ ਨਹਿਰਾਂ ਵਿੱਚ ਮਾਰ ਕੇ ਟੋਟੇ-ਟੋਟੇ ਕਰਕੇ ਵਹਾਇਆ ਗਿਆ। ਉਨ੍ਹਾਂ ਅਰਦਾਸ ਕੀਤੀ ਕਿ ਪੰਥ ਤੇ ਪੰਜਾਬ ਦੇ ਧੀਆਂ ਪੁੱਤਾਂ ਦੇ ਇਨਸਾਫ਼ ਲਈ ਖ਼ਾਲਸਾ ਪੰਥ ਨੂੰ ਉੱਦਮ ਦਾ ਬਲ ਮਿਲੇ। ਉਨ੍ਹਾਂ ਸ਼ਹੀਦ ਕੀਤੇ ਗਏ ਸਿੰਘਾਂ ਸਿੰਘਣੀਆਂ ਦੇ ਪਰਿਵਾਰਾਂ ਤੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਵੀ ਅਰਦਾਸ ਕੀਤੀ। ਅਰਦਾਸ ਉਪਰੰਤ ਪਾਵਨ ਮੁੱਖਵਾਕ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਠਾ ਦੇ ਮੁੱਖ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਨੇ ਸਰਵਣ ਕਰਵਾਇਆ।

ਇਸ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੋ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਉਹ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ ‘ਸ਼ਹੀਦੀ ਪੱਤਣ ਯਾਦਗਾਰ’ ਬਣਾਏ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਇਸ ਥਾਂ ਜਿੱਥੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਕੇ ਟੋਟੇ-ਟੋਟੇ ਕਰਕੇ ਵਹਾਇਆ ਗਿਆ ਨੂੰ ਸਿੱਖ ਸ਼ਹੀਦੀ ਪੱਤਣ ਵਜੋਂ ਸੰਬੋਧਤ ਹੋਣਗੇ।

ਜਥੇਦਾਰ ਗੜਗੱਜ ਨੇ ਇਹ ਵੀ ਐਲਾਨ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਾਲ 1982 ਤੋਂ 1995 ਤੱਕ ਦੇ ਜੋ ਵੀ ਸ਼ਹੀਦ ਹਨ ਸਮੇਤ ਜਿਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜਿਆ ਗਿਆ, ਕਤਲ ਕੀਤਾ ਗਿਆ, ਉਨ੍ਹਾਂ ਦੇ ਸਮੁੱਚੇ ਵੇਰਵੇ ਦਸਤਾਵੇਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵੇਰਵੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰਿਕਾਰਡ ਹੋਣਗੇ।

Share This Article
Leave a Comment