ਨਵੀ ਦਿੱਲੀ : ਕੇਂਦਰ ਸਰਕਾਰ ਨੇ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਯਾਨੀ ਐੱਨਪੀਪੀਏ (NPPA) ਨੇ 39 ਨਵੀਆਂ ਦਵਾਈਆਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਤੈਅ ਕਰ ਦਿੱਤੀ ਹੈ। ਇਹ ਹੁਕਮ ਡਰੱਗਜ਼ ਪ੍ਰਾਈਸ ਕੰਟਰੋਲ ਆਰਡਰ 2013 ਦੇ ਤਹਿਤ ਜਾਰੀ ਕੀਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਬਲੱਡ ਪ੍ਰੈਸ਼ਰ (ਬੀ.ਪੀ.), ਸ਼ੂਗਰ (ਡਾਇਬੀਟੀਜ਼), ਦਿਲ ਦੇ ਰੋਗ ਅਤੇ ਇਨਫੈਕਸ਼ਨ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਕਈ ਦਵਾਈਆਂ ਹੁਣ ਤੈਅ ਕੀਮਤਾਂ ‘ਤੇ ਹੀ ਮਿਲਣਗੀਆਂ।
ਇਹ ਨੋਟੀਫਿਕੇਸ਼ਨ 8 ਜੁਲਾਈ ਨੂੰ ਜਾਰੀ ਹੋਇਆ। ਇਸ ਸੂਚੀ ਵਿੱਚ ਜਿਨ੍ਹਾਂ ਦਵਾਈਆਂ ਦੀਆਂ ਕੀਮਤਾਂ ਤੈਅ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਟੈਨੈਕਟੇਪਲੇਸ (Tenecteplase) ਇੰਜੈਕਸ਼ਨ, ਵਿਟਾਮਿਨ ਡੀ3 (Vitamin D3) ਦਾ ਓਰਲ ਸਲਿਊਸ਼ਨ, ਇਮਾਟਿਨਿਬ (Imatinib) ਓਰਲ ਸਲਿਊਸ਼ਨ, ਐਂਪਾਗਲਿਫਲੋਜ਼ਿਨ (Empagliflozin) ਨਾਲ ਜੁੜੀਆਂ ਕੰਬੀਨੇਸ਼ਨ ਦਵਾਈਆਂ, ਟੈਲਮੀਸਾਰਟਨ (Telmisartan) ਕੰਬੀਨੇਸ਼ਨ, ਐਸਪਰੀਨ (Aspirin) ਅਤੇ ਐਟੋਰਵਾਸਟੇਟਿਨ (Atorvastatin) ਵਾਲੇ ਕੈਪਸੂਲ ਅਤੇ ਕਲੋਪੀਡੋਗ੍ਰੇਲ (Clopidogrel) ਕੰਬੀਨੇਸ਼ਨ ਦਵਾਈਆਂ ਸ਼ਾਮਲ ਹਨ।
ਐੱਨਪੀਪੀਏ (NPPA) ਦੇ ਇਸ ਹੁਕਮ ਮੁਤਾਬਕ, ਹੁਣ ਕੋਈ ਵੀ ਦਵਾਈ ਕੰਪਨੀ ਇਹਨਾਂ ਦਵਾਈਆਂ ਨੂੰ ਤੈਅ ਕੀਤੀ ਗਈ ਵੱਧ ਤੋਂ ਵੱਧ ਕੀਮਤ ਤੋਂ ਵੱਧ ਕੀਮਤ ‘ਤੇ ਨਹੀਂ ਵੇਚ ਸਕੇਗੀ। ਸਾਰੀਆਂ ਕੰਪਨੀਆਂ ਨੂੰ ਆਪਣੇ ਡੀਲਰਾਂ ਅਤੇ ਸੂਬਿਆਂ ਦੇ ਡਰੱਗ ਰੈਗੂਲੇਟਰਾਂ ਨੂੰ ਨਵੀਂ ਕੀਮਤ ਦੀ ਜਾਣਕਾਰੀ ਦੇਣੀ ਹੋਵੇਗੀ ਅਤੇ ਅਪਡੇਟ ਕੀਤੀ ਹੋਈ ਪ੍ਰਾਈਸ ਲਿਸਟ ਭੇਜਣੀ ਹੋਵੇਗੀ।
ਜੇਕਰ ਕੋਈ ਨਿਰਮਾਤਾ ਜਾਂ ਮਾਰਕੀਟਿੰਗ ਕੰਪਨੀ ਤੈਅਸ਼ੁਦਾ ਪ੍ਰਚੂਨ ਕੀਮਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਉਹ ਵੱਧ ਵਸੂਲੀ ਗਈ ਰਕਮ ਨੂੰ ਲਾਗੂ ਵਿਆਜ ਸਮੇਤ ਜਮ੍ਹਾਂ ਕਰਵਾਉਣ ਲਈ ਜ਼ਿੰਮੇਵਾਰ ਹੋਵੇਗੀ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘ਜੇਕਰ ਉਪਰੋਕਤ ਕਿਸੇ ਵੀ ਉਤਪਾਦ ਦੀ ਪ੍ਰਚੂਨ ਕੀਮਤ, ਇਸ ਕੀਮਤ ਨੋਟੀਫਿਕੇਸ਼ਨ ਅਤੇ ਉੱਪਰ ਦਿੱਤੇ ਨਿਰਦੇਸ਼ਾਂ ਅਨੁਸਾਰ ਨਿਰਧਾਰਤ ਨਹੀਂ ਕੀਤੀ ਜਾਂਦੀ, ਤਾਂ ਸਬੰਧਤ ਨਿਰਮਾਤਾ/ਮਾਰਕੀਟਿੰਗ ਕੰਪਨੀ, ਜ਼ਰੂਰੀ ਵਸਤੂਆਂ ਐਕਟ 1955 (Essential Commodities Act, 1955) ਦੇ ਨਾਲ ਪੜ੍ਹੇ ਗਏ ਡੀਪੀਸੀਓ (DPCO) 2013 ਦੇ ਉਪਬੰਧਾਂ ਦੇ ਤਹਿਤ, ਵੱਧ ਵਸੂਲੀ ਗਈ ਰਕਮ ਅਤੇ ਉਸ ‘ਤੇ ਲੱਗਣ ਵਾਲੇ ਵਿਆਜ ਨੂੰ ਜਮ੍ਹਾਂ ਕਰਵਾਉਣ ਲਈ ਜ਼ਿੰਮੇਵਾਰ ਹੋਵੇਗੀ।’
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

