ਭਲਕੇ ਚਰਨਜੀਤ ਚੰਨੀ ਅਤੇ ਭੂਪੇਸ਼ ਬਘੇਲ ਦੀ ਅਹਿਮ ਮੀਟਿੰਗ

Global Team
3 Min Read

ਨਿਊਜ਼ ਡੈਸਕ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਆਖ਼ਿਰਕਾਰ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨ ਲਈ ਰਾਜ਼ੀ ਹੋ ਗਏ ਹਨ। ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੇ ਪੰਜਵੇਂ ਦਿਨ ਚੰਨੀ ਨੇ ਸਪੱਸ਼ਟ ਕੀਤਾ ਕਿ ਉਹ ਇੰਚਾਰਜ ਨਾਲ ਬੈਠਕ ਕਰਨਗੇ। ਹਾਸਿਲ ਜਾਣਕਾਰੀ ਅਨੁਸਾਰ ਇਹ ਅਹਿਮ ਮੀਟਿੰਗ ਭਲਕੇ ਚੰਡੀਗੜ੍ਹ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ ‘ਤੇ ਹੋਵੇਗੀ। ਇਸ ਬੈਠਕ ਵਿੱਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਜੀਤ ਸਿੰਘ ਵੀ ਸ਼ਾਮਿਲ ਹੋਣਗੇ।

ਅੱਜ ਦੀ ਮੀਟਿੰਗ ਹੋਈ ਸੀ ਮੁਲਤਵੀ

ਇਸ ਦੌਰਾਨ, ਪਾਰਟੀ ਅੰਦਰ ਬਗਾਵਤੀ ਤੇਵਰ ਦਿਖਾ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਅਤੇ ਪ੍ਰਭਾਰੀ ਭੂਪੇਸ਼ ਬਘੇਲ ਵਿਚਕਾਰ ਹੋਣ ਵਾਲੀ ਇੱਕ ਬੇਹੱਦ ਅਹਿਮ ਮੀਟਿੰਗ ਫਿਲਹਾਲ ਟਲ ਗਈ ਹੈ। ਚੰਨੀ ਗੁੱਟ ਵੱਲੋਂ ਰੱਖੀਆਂ ਗਈਆਂ ਸਖ਼ਤ ਸ਼ਰਤਾਂ ਕਾਰਨ ਇਸ ਮੀਟਿੰਗ ਨੂੰ ਕੈਂਸਲ ਕਰਨਾ ਪਿਆ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਮੁਲਾਕਾਤ ਕੱਲ੍ਹ ਹੋ ਸਕਦੀ ਹੈ। ਸੂਤਰਾਂ ਮੁਤਾਬਕ, ਚੰਨੀ ਧੜੇ ਨੇ ਇਸ ਮੀਟਿੰਗ ਨੂੰ ਲੈ ਕੇ 2 ਮੁੱਖ ਸ਼ਰਤਾਂ ਰੱਖੀਆਂ ਸਨ ਪਹਿਲੀ ਇਹ ਕਿ ਇਹ ਮੁਲਾਕਾਤ ਅਧਿਕਾਰਤ ਕਾਂਗਰਸ ਭਵਨ ਵਿਖੇ ਨਹੀਂ ਹੋਵੇਗੀ, ਅਤੇ ਦੂਜੀ ਇਹ ਕਿ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਨਹੀਂ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸ਼ਰਤਾਂ ‘ਤੇ ਸਹਿਮਤੀ ਨਾ ਬਣਨ ਕਾਰਨ ਹੀ ਅੱਜ ਦੀ ਬੈਠਕ ਰੱਦ ਹੋਈ।

ਚਰਨਜੀਤ ਚੰਨੀ ਦੇ ਬੇਹੱਦ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਸੂਬੇ ਦੇ ਆਗੂਆਂ ਨਾਲ ਗੱਲ ਕਰਨ ਦੀ ਬਜਾਏ ਸਿੱਧਾ ਦਿੱਲੀ ਜਾ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਚੰਨੀ ਚਾਹੁੰਦੇ ਹਨ ਕਿ ਜੇਕਰ ਆਗਾਮੀ ਚੋਣਾਂ ਵਿੱਚ ਉਨ੍ਹਾਂ ਨੂੰ ਕੋਈ ਵੱਡੀ ਅਤੇ ਅਹਿਮ ਭੂਮਿਕਾ ਮਿਲਣੀ ਹੈ, ਤਾਂ ਉਸ ‘ਤੇ ਪ੍ਰਭਾਰੀ ਬਘੇਲ ਦੀ ਬਜਾਏ ਸਿੱਧੀ ਰਾਹੁਲ ਗਾਂਧੀ ਦੀ ਮੋਹਰ ਲੱਗੇ। ਇਸ ਉੱਚ-ਪੱਧਰੀ ਮੁਲਾਕਾਤ ਤੋਂ ਬਾਅਦ ਹੀ ਚੰਨੀ ਕੋਈ ਅਗਲਾ ਵੱਡਾ ਸਿਆਸੀ ਕਦਮ ਚੁੱਕਣਗੇ।

ਨਿੱਜੀ ਤੌਰ ‘ਤੇ ਗੱਲਬਾਤ ਕਰੇਗਾ ਚੰਨੀ ਧੜਾ: ਰਾਜਾ ਵੜਿੰਗ

ਚਰਨਜੀਤ ਚੰਨੀ ਅਤੇ ਭੂਪੇਸ਼ ਬਘੇਲ ਦੀ ਮੁਲਾਕਾਤ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਭੂਪੇਸ਼ ਬਘੇਲ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਕੱਲ੍ਹ ਲਈ ਇੱਕ ਬੈਠਕ ਤੈਅ ਕੀਤੀ ਗਈ ਹੈ। ਹਾਲਾਂਕਿ, ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੀਟਿੰਗ ਦੀ ਜਗ੍ਹਾ ਜਾਂ ਹੋਰ ਪ੍ਰਬੰਧਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਰੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਚੰਨੀ ਗੁੱਟ ਦੇ ਆਗੂ ਪਹਿਲਾਂ ਇਕੱਲੇ (ਪ੍ਰਾਈਵੇਟ) ਵਿੱਚ ਗੱਲਬਾਤ ਕਰਨਗੇ ਅਤੇ ਉਸ ਤੋਂ ਬਾਅਦ ਸਾਰੇ ਇਕੱਠੇ ਬੈਠ ਕੇ ਅਗਲੀ ਚਰਚਾ ਕਰਨਗੇ। ਰਾਜਾ ਵੜਿੰਗ ਨੇ ਉਮੀਦ ਜਤਾਈ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਸਾਰੇ ਆਗੂ ਇੱਕਜੁੱਟ ਹੋ ਕੇ ਇੱਕੋ ਮੰਚ ‘ਤੇ ਨਜ਼ਰ ਆਉਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment