ਜਗਰਾਓਂ : ਦੇਸ਼ ਦੀ ਰੱਖਿਆ ਕਰਦੇ ਹੋਏ ਪੰਜਾਬ ਦੇ ਫੌਜੀ ਜਵਾਨ ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ।ਜਗਰਾਓਂ ਦੇ ਨੇੜਲੇ ਪਿੰਡ ਗਗੜਾ ਦੇ 33 ਸਾਲਾ ਫ਼ੌਜੀ ਜਵਾਨ ਨਾਇਕ ਟੀਐਸ ਸਿਕੰਦਰ ਸਿੰਘ ਦਾ ਦਿੱਲੀ ਵਿੱਚ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਿਵੇਂ ਹੀ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਪਿੰਡ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਹਰ ਅੱਖ ਨਮ ਹੋ ਗਈ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਿਕੰਦਰ ਸਿੰਘ ਨੇ ਛੋਟੀ ਉਮਰ ਵਿੱਚ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ‘ਤੇ ਚੁੱਕ ਲਈਆਂ ਸਨ। ਕਰੀਬ ਪੰਜ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਅਜੇ ਖ਼ੁਸ਼ੀਆਂ ਦੀ ਨਵੀਂ ਸ਼ੁਰੂਆਤ ਹੀ ਕਰ ਰਿਹਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਤਨੀ ਦਾ ਸੁਹਾਗ ਉੱਜੜ ਗਿਆ ਅਤੇ ਉਨ੍ਹਾਂ ਦੀਆਂ ਦੋ ਮਾਸੂਮ ਧੀਆਂ ਦ ਸਿਰ ਤੋਂ ਪਿਤਾ ਦਾ ਹੱਥ ਉੱਠ ਗਿਆ।
ਭਾਰਤੀ ਫ਼ੌਜ ਦੀ 5 ਸਿੱਖ ਲਾਈਟ ਇਨਫੈਂਟਰੀ ਵਿੱਚ ਤਾਇਨਾਤ ਸਿਕੰਦਰ ਸਿੰਘ ਕਰੀਬ 16 ਸਾਲ ਪਹਿਲਾਂ ਇੱਕ ਸਾਧਾਰਨ ਮਜ਼ਦੂਰ ਪਰਿਵਾਰ ਵਿੱਚੋਂ ਨਿਕਲ ਕੇ ਫ਼ੌਜ ਵਿੱਚ ਭਰਤੀ ਹੋਏ ਸਨ। ਮੁਸ਼ਕਲ ਹਾਲਾਤ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੇ ਦਮ ‘ਤੇ ਫ਼ੌਜ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਦਾ ਸਰਲ ਸੁਭਾਅ, ਕਰਤੱਵਨਿਸ਼ਠਾ ਅਤੇ ਮਿਲਣਸਾਰ ਸ਼ਖਸੀਅਤ ਉਨ੍ਹਾਂ ਨੂੰ ਸਾਥੀਆਂ ਵਿੱਚ ਬਹੁਤ ਸਤਿਕਾਰਤ ਬਣਾਉਂਦੀ ਸੀ।
ਕੈਪਟਨ ਪੂਰਨ ਸਿੰਘ ਗਗੜਾ ਅਤੇ ਹਵਲਦਾਰ ਅਮਰਪਾਲ ਸਿੰਘ ਗਗੜਾ ਨੇ ਦੱਸਿਆ ਕਿ ਨਾਇਕ ਟੀਐਸ ਸਿਕੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਗਗੜਾ ਪਹੁੰਚੇਗੀ। ਉਨ੍ਹਾਂ ਦਾ ਅੰਤਿਮ ਸਸਕਾਰ 10 ਜੁਲਾਈ ਨੂੰ ਸਵੇਰੇ 10 ਵਜੇ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਵੀਰ ਸਪੂਤ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

