ਜਾਣਕਾਰੀਅਨੁਸਾਰ ਥਾਣਾ ਸਦਰ ਨਾਭਾ ਦੇ SHO ਜਸਪ੍ਰੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੇ ਪੁਲਿਸ ਟੀਮ ਸਮੇਤ ਕਥਿਤ ਤਸਕਰਾਂ ਦੀ ਘੇਰਾਬੰਦੀ ਕੀਤੀ। ਪੁਲਿਸ ਨੂੰ ਦੇਖਦੇ ਹੀ ਤਸਕਰ ਗੱਡੀ ਭਜਾ ਕੇ ਲੈ ਗਏ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਪਿੱਛਾ ਕਰਦੇ ਹੋਏ ਪਿੰਡ ਧੰਗੇੜਾ ਨੇੜੇ ਦੋਵਾਂ ਗੱਡੀਆਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪੁਲਿਸ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ SHO ਜਸਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਮੁੱਢਲੇ ਇਲਾਜ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ
ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮਾਂ ਅਤੇ ਸਥਾਨਿਕ ਲੋਕਾਂ ਦੀ ਮਦਦ ਨਾਲ SHO ਜਸਪ੍ਰੀਤ ਸਿੰਘ ਨੂੰ ਨਾਭਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਬਿਹਤਰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਗੱਡੀ ਛੱਡ ਕੇ ਭੱਜੇ ਤਸਕਰ
SHO ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਗੱਡੀ ਹਾਦਸਾਗ੍ਰਸਤ ਹੋਣ ਦਾ ਫਾਇਦਾ ਉਠਾ ਕੇ ਤਸਕਰਾਂ ਨੇ ਆਪਣੀ ਗੱਡੀ ਵੀ ਮੌਕੇ ‘ਤੇ ਹੀ ਛੱਡ ਦਿੱਤੀ, ਤਾਂ ਜੋ ਪੁਲਿਸ ਨੂੰ ਉਨ੍ਹਾਂ ਦਾ ਪਿੱਛਾ ਕਰਨ ਵਿੱਚ ਦਿੱਕਤ ਆਵੇ। ਰਾਤ ਦੇ ਹਨੇਰੇ ਦਾ ਲਾਹਾ ਲੈਂਦਿਆਂ ਸਾਰੇ ਤਸਕਰ ਪੈਦਲ ਹੀ ਉੱਥੋਂ ਦੌੜਨ ਵਿੱਚ ਕਾਮਯਾਬ ਹੋ ਗਏ।
ਪੁਲਿਸ ਨੇ ਮੁਲਜ਼ਮ ਤਸਕਰਾਂ ਦੇ ਵਾਹਨ ਨੂੰ ਕਾਨੂੰਨੀ ਕਾਰਵਾਈ ਕਰਦੇ ਹੋਏ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਦੇ ਨੰਬਰ ਦੇ ਅਧਾਰ ‘ਤੇ ਉਸ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਫ਼ਰਾਰ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਧੱਕਣ ਲਈ ਪੂਰੇ ਇਲਾਕੇ ਵਿੱਚ ਸਖ਼ਤ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਦੀਆਂ ਕਈ ਵਿਸ਼ੇਸ਼ ਟੀਮਾਂ ਸੰਭਾਵਿਤ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

