ਗੁਰਦਾਸਪੁਰ : ਇੱਕ ਸਰਕਾਰੀ ਅਧਿਆਪਕ, ਜੋ ਕਥਿਤ ਤੌਰ ‘ਤੇ ‘SIR ਡਿਊਟੀ’ (ਸਕੂਲ ਸੁਧਾਰ ਅਤੇ ਸਮੀਖਿਆ ਡਿਊਟੀ) ਤੋਂ ਪ੍ਰੇਸ਼ਾਨ ਸੀ, ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਦੇ ਵੱਡੀ ਗਿਣਤੀ ‘ਚ ਲੋਕ ਮੌਕੇ ‘ਤੇ ਪਹੁੰਚ ਗਏ। ਗੋਤਾਖੋਰ ਵੱਲੋਂ ਅਧਿਆਪਕ ਦੀ ਭਾਲ ਕੀਤੀ ਜਾ ਰਹੀ ਹੈ। ਛਾਲ ਮਾਰਨ ਵਾਲਾ ਅਧਿਆਪਕ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ, ਜੋ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ‘ਚ ਪੜ੍ਹਾਉਂਦਾ ਹੈ। ਅਧਿਆਪਕ ਨੇ ਅੱਜ ਸਵੇਰੇ ਸਭਰਾਓਂ ਬ੍ਰਾਂਚ ‘ਤੇ ਭੱਟੀਆਂ ਪੁਲ ਕੋਲ ਆਪਣੀ ਕਾਰ ਖੜ੍ਹੀ ਕੀਤੀ ਤੇ ਨਹਿਰ ‘ਚ ਛਾਲ ਮਾਰ ਦਿੱਤੀ।
ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਸਥਾਨਿਕ ਲੋਕ ਅਤੇ ਸਾਥੀ ਅਧਿਆਪਕ ਮੌਕੇ ‘ਤੇ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਛਾਲ ਮਾਰਨ ਤੋਂ ਪਹਿਲਾਂ, ਅਧਿਆਪਕ ਨੇ ਇੱਕ ਸਾਥੀ ਨੂੰ ਫ਼ੋਨ ਕਰਕੇ ਨਹਿਰ ਵਿੱਚ ਛਾਲ ਮਾਰਨ ਦੇ ਆਪਣੇ ਇਰਾਦੇ ਬਾਰੇ ਦੱਸਿਆ; ਕਾਲ ਦੌਰਾਨ, ਉਸਨੇ ਆਪਣੇ ਸਾਥੀ ਅਧਿਆਪਕਾਂ ਨਾਲ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਸਨ।
ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਫ਼ੋਨ ‘ਤੇ ਐਸਆਈਆਰ ਡਿਊਟੀਆਂ ਤੋਂ ਦੁੱਖੀ ਹੋਣ ਦੀ ਗੱਲ ਕਹੀ ਸੀ। ਉਸ ਨੇ ਕਿਹਾ ਕਿ ਉਹ ਕੰਮ ਤੋਂ ਬਹੁਤ ਪਰੇਸ਼ਾਨ ਹੈ ਤੇ ਉਹ ਸਮੇਂ ਸਿਰ ਇਸ ਨੂੰ ਪੂਰਾ ਨਹੀਂ ਕਰ ਪਾ ਰਿਹਾ। ਕੰਮ ਦਾ ਦਬਾਅ ਉਸ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਰਿਹਾ ਸੀ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਪਰੇਸ਼ਾਨੀ ਕਾਰਨ ਨਹਿਰ ‘ਚ ਛਾਲ ਮਾਰਨ ਜਾ ਰਿਹਾ ਹੈ।

