ਨਿਊਜ਼ ਡੈਸਕ: ਕਰਨਾਲ ਦੇ 24 ਸਾਲਾ ਅਰਸ਼ਦੀਪ ਸਿੰਘ ਦੀ ਅਮਰੀਕਾ ਦੀ ਟਾਹੋ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਹ ਆਪਣੇ ਕੁਝ ਦੋਸਤਾਂ ਨਾਲ ਝੀਲ ਵਿੱਚ ਨਹਾਉਣ ਗਿਆ ਸੀ। ਇਸ ਦੌਰਾਨ ਜਦੋਂ ਉਸਦੇ ਦੋਸਤ ਪਾਣੀ ਵਿੱਚ ਫਸਣ ਲੱਗੇ ਤਾਂ ਅਰਸ਼ਦੀਪ ਨੇ ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਛਾਲ ਮਾਰ ਦਿੱਤੀ।
ਦੋਸਤਾਂ ਦੀ ਜਾਨ ਬਚਾਈ, ਖੁਦ ਨਾ ਬਚ ਸਕਿਆ
ਪਰਿਵਾਰ ਮੁਤਾਬਕ, ਅਰਸ਼ਦੀਪ ਨੇ ਪਹਿਲਾਂ ਇੱਕ ਦੋਸਤ ਨੂੰ ਅਤੇ ਫਿਰ ਦੂਜੇ ਦੋਸਤ ਨੂੰ ਵੀ ਸੁਰੱਖਿਅਤ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਉਹ ਖੁਦ ਪਾਣੀ ਵਿੱਚ ਫਸ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਕੁਝ ਹੀ ਸਮੇਂ ਵਿੱਚ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਅਰਸ਼ਦੀਪ ਕਰਨਾਲ ਦੀ ਵਿਕਾਸ ਕਾਲੋਨੀ ਦਾ ਰਹਿਣ ਵਾਲਾ ਸੀ। ਪਰਿਵਾਰ ਦੇ ਅਨੁਸਾਰ ਉਹ ਸਾਲ 2023 ਵਿੱਚ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਉਸ ਨੂੰ ਵਿਦੇਸ਼ ਭੇਜਣ ਲਈ ਪਰਿਵਾਰ ਨੇ ਕਰੀਬ 45 ਲੱਖ ਰੁਪਏ ਖਰਚ ਕੀਤੇ ਸਨ ਅਤੇ ਇਸ ਲਈ ਕਰਜ਼ਾ ਵੀ ਲਿਆ ਸੀ।
ਅਰਸ਼ਦੀਪ ਅਮਰੀਕਾ ਦੇ ਫ੍ਰੇਜ਼ਨੋ ਸ਼ਹਿਰ ਵਿੱਚ ਆਪਣੀ ਭੂਆ ਅਤੇ ਫੂਫੜ ਕੋਲ ਰਹਿੰਦਾ ਸੀ। ਉਹ ਆਪਣੇ ਭਰਾ ਹੈਰੀ ਨਾਲ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਪਹਿਲਾਂ ਕਰਜ਼ਾ ਉਤਾਰਨ ਅਤੇ ਫਿਰ ਘਰ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਦਾ ਸੀ।
ਤੈਰਨਾ ਜਾਣਦਾ ਸੀ, ਫਿਰ ਵੀ ਵਾਪਰਿਆ ਹਾਦਸਾ
ਅਰਸ਼ਦੀਪ ਦੇ ਛੋਟੇ ਭਰਾ ਸ਼ਰਨਦੀਪ ਨੇ ਦੱਸਿਆ ਕਿ ਅਰਸ਼ਦੀਪ ਨੂੰ ਤੈਰਨਾ ਆਉਂਦਾ ਸੀ। ਉਹ ਇੱਕ ਵਾਰ ਪਾਣੀ ਵਿੱਚੋਂ ਬਾਹਰ ਵੀ ਆ ਗਿਆ ਸੀ। ਇਸੇ ਦੌਰਾਨ ਉਸ ਨੇ ਦੇਖਿਆ ਕਿ ਇੱਕ ਦੋਸਤ ਨੂੰ ਤੈਰਨਾ ਨਹੀਂ ਆਉਂਦਾ ਅਤੇ ਉਹ ਡੁੱਬ ਰਿਹਾ ਹੈ। ਉਸ ਨੇ ਬਿਨਾਂ ਦੇਰੀ ਕੀਤੇ ਮੁੜ ਪਾਣੀ ਵਿੱਚ ਛਾਲ ਮਾਰੀ ਅਤੇ ਦੋਸਤ ਨੂੰ ਬਚਾ ਲਿਆ, ਪਰ ਖੁਦ ਸੁਰੱਖਿਅਤ ਬਾਹਰ ਨਹੀਂ ਨਿਕਲ ਸਕਿਆ।
ਇਹ ਹਾਦਸਾ ਅਮਰੀਕਾ ਦੀ ਟਾਹੋ ਝੀਲ ਵਿੱਚ ਵਾਪਰਿਆ। ਇਹ ਝੀਲ ਸਮੁੰਦਰ ਤਲ ਤੋਂ 6,225 ਫੁੱਟ ਦੀ ਉਚਾਈ ‘ਤੇ ਸਥਿਤ ਹੈ ਅਤੇ ਇਸ ਦੀ ਵੱਧ ਤੋਂ ਵੱਧ ਡੂੰਘਾਈ 1,645 ਫੁੱਟ ਹੈ। ਇਹ ਕੈਲੀਫੋਰਨੀਆ ਅਤੇ ਨੇਵਾਡਾ ਰਾਜਾਂ ਦੀ ਸਰਹੱਦ ‘ਤੇ ਸਥਿਤ ਮਿੱਠੇ ਪਾਣੀ ਦੀ ਝੀਲ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚਦੇ ਹਨ।
ਪਹਿਲਾਂ ਪਿਤਾ ਦੀ ਮੌਤ, ਹੁਣ ਪੁੱਤ ਵੀ ਚਲਾ ਗਿਆ
ਪਰਿਵਾਰ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਅਰਸ਼ਦੀਪ ਦੇ ਪਿਤਾ ਪ੍ਰਗਟ ਸਿੰਘ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਸੀ। ਘਰ ਵਿੱਚ ਹੁਣ ਉਸ ਦੀ ਮਾਤਾ ਮਨਪ੍ਰੀਤ ਕੌਰ ਅਤੇ ਵਿਆਹੀ ਹੋਈ ਇੱਕ ਵੱਡੀ ਭੈਣ ਹਨ। ਪਰਿਵਾਰ ਦੀ ਜ਼ਿੰਮੇਵਾਰੀ ਅਰਸ਼ਦੀਪ ਹੀ ਨਿਭਾ ਰਿਹਾ ਸੀ।
ਪਰਿਵਾਰ ਵਲੋਂ ਸਰਕਾਰ ਨੂੰ ਮਦਦ ਦੀ ਅਪੀਲ
ਅਰਸ਼ਦੀਪ ਦੇ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਅਮਰੀਕਾ ਵਿੱਚ ਰਹਿੰਦੇ ਰਿਸ਼ਤੇਦਾਰ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰ ਰਹੇ ਹਨ, ਤਾਂ ਜੋ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਭੇਜਿਆ ਜਾ ਸਕੇ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਇਸ ਦੁਖਦਾਈ ਘਟਨਾ ਨੇ ਉਨ੍ਹਾਂ ਨੂੰ ਹੋਰ ਵੱਡਾ ਝਟਕਾ ਦਿੱਤਾ ਹੈ।

