ਚੰਡੀਗੜ੍ਹ:ਹਰਿਆਣਾ ਵਿੱਚ ਅਗਨੀਪਥ ਯੋਜਨਾ ਤਹਿਤ ਭਾਰਤੀ ਫੌਜ ਵਿੱਚ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਸੂਬੇ ਵਿੱਚ 20 ਜੁਲਾਈ ਤੋਂ ਚਾਰ ਪੜਾਵਾਂ ਵਿੱਚ ਅਗਨੀਵੀਰ ਭਰਤੀ ਰੈਲੀਆਂ ਕਰਵਾਈਆਂ ਜਾਣਗੀਆਂ। ਇਹ ਭਰਤੀ ਪ੍ਰਕਿਰਿਆ ਜੁਲਾਈ 2026 ਤੋਂ ਸ਼ੁਰੂ ਹੋ ਕੇ ਮਾਰਚ 2027 ਤੱਕ ਚੱਲੇਗੀ। ਇਸ ਲਈ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਵਿਚਾਲੇ ਬਿਹਤਰ ਤਾਲਮੇਲ ਬਣਾਈ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।
ਤਿਆਰੀਆਂ ਦੀ ਹੋਈ ਸਮੀਖਿਆ
ਰਾਜ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਰਾਜ ਪੱਧਰੀ ਸੰਚਾਲਨ ਕਮੇਟੀ ਦੀ ਮੀਟਿੰਗ ਦੌਰਾਨ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਦੇਸ਼ ਦੀਆਂ ਫੌਜਾਂ ਵਿੱਚ ਹਮੇਸ਼ਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਸ ਲਈ ਭਰਤੀ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ।
ਉਨ੍ਹਾਂ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਖੁਦ ਤਿਆਰੀਆਂ ਦੀ ਨਿਗਰਾਨੀ ਕਰਨ ਅਤੇ ਸਮੇਂ ਸਿਰ ਸਾਰੀਆਂ ਵਿਵਸਥਾਵਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਹਰ ਜ਼ਿਲ੍ਹੇ ਵਿੱਚ ਇੱਕ ਨੋਡਲ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇਗਾ, ਜੋ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਾਲਮੇਲ ਬਣਾਈ ਰੱਖੇਗਾ।
ਸਕੂਲਾਂ ਵਿੱਚ ਬਣਨਗੇ ‘Know Your Armed Forces’ ਕਾਰਨਰ
ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਵਿੱਚ ‘Know Your Armed Forces’ ਨਾਮ ਨਾਲ ਵਿਸ਼ੇਸ਼ ਕਾਰਨਰ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ। ਇੱਥੇ ਵਿਦਿਆਰਥੀਆਂ ਨੂੰ ਭਾਰਤੀ ਫੌਜ ਵਿੱਚ ਕਰੀਅਰ, ਭਰਤੀ ਪ੍ਰਕਿਰਿਆ ਅਤੇ ਉਪਲਬਧ ਮੌਕਿਆਂ ਨਾਲ ਜੁੜੀ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਲੋੜੀਂਦੀ ਜਾਣਕਾਰੀ ਅਤੇ ਪ੍ਰਦਰਸ਼ਨੀ ਸਮੱਗਰੀ ਜੋਨਲ ਭਰਤੀ ਦਫ਼ਤਰ ਵੱਲੋਂ ਉਪਲਬਧ ਕਰਵਾਈ ਜਾਵੇਗੀ।
ਅਗਨੀਵੀਰਾਂ ਲਈ ਬਣੇਗਾ ਡਿਜ਼ੀਟਲ ਪੋਰਟਲ
ਸਰਕਾਰ ਨੇ ਸੈਨਿਕ ਅਤੇ ਅਰਧਸੈਨਿਕ ਭਲਾਈ ਵਿਭਾਗ ਨੂੰ ਅਗਨੀਵੀਰਾਂ ਲਈ ਇੱਕ ਸਮਰਪਿਤ ਡਿਜ਼ੀਟਲ ਪੋਰਟਲ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਇਸ ਪੋਰਟਲ ‘ਤੇ ਅਗਨੀਵੀਰਾਂ ਦੀ ਸਿੱਖਿਆ, ਹੁਨਰ, ਸਿਖਲਾਈ ਅਤੇ ਸੇਵਾ ਨਾਲ ਸਬੰਧਤ ਰਿਕਾਰਡ ਸੰਭਾਲਿਆ ਜਾਵੇਗਾ।
ਇਸ ਡਿਜ਼ੀਟਲ ਡਾਟਾਬੇਸ ਦੀ ਮਦਦ ਨਾਲ ਚਾਰ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਗਨੀਵੀਰਾਂ ਨੂੰ ਸਰਕਾਰੀ ਵਿਭਾਗਾਂ, ਸਰਕਾਰੀ ਉਪਕਰਮਾਂ ਅਤੇ ਨਿੱਜੀ ਕੰਪਨੀਆਂ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਪੋਰਟਲ ਉਨ੍ਹਾਂ ਦੀ ਯੋਗਤਾ ਅਤੇ ਤਜਰਬੇ ਦਾ ਰਿਕਾਰਡ ਇੱਕ ਥਾਂ ਉਪਲਬਧ ਕਰਵਾਏਗਾ, ਜਿਸ ਨਾਲ ਅੱਗੇ ਨੌਕਰੀ ਲੱਭਣ ਦੀ ਪ੍ਰਕਿਰਿਆ ਆਸਾਨ ਹੋ ਸਕੇਗੀ।

