ਪੰਜਾਬ ਕਾਂਗਰਸ ‘ਚ ਨਵੀਂ ਟੀਮ ਬਣਦਿਆਂ ਹੀ ਵਧੀ ਨਾਰਾਜ਼ਗੀ, ਮਨੀਸ਼ ਤਿਵਾੜੀ ਨੇ ਪੋਸਟ ਕਰ ਲਿਖਿਆ ‘ਕਾਸ਼ ਮੇਰੇ ਕੋਲ ਗਿੱਦੜ ਸਿੰਙੀ ਹੁੰਦੀ’

Global Team
3 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਹਾਈਕਮਾਨ ਵੱਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਤੋਂ ਬਾਅਦ ਪਾਰਟੀ ਅੰਦਰ ਨਾਰਾਜ਼ਗੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਕ ਪੋਸਟ ਕਰਕੇ ਨਾਰਾਜ਼ਗੀ ਜਤਾਈ। ਉਨ੍ਹਾਂ ਲਿਖਿਆ “ਹੈ ਵੱਡਾ ਕੋਈ ਅਵਗੁਣ ਉਸ ਵਿੱਚ, ਜਿਸ ਨੂੰ ਕੋਈ ਹੁਨਰ ਆਵੇ।”

ਇਸ ਤੋਂ ਬਾਅਦ ਉਨ੍ਹਾਂ ਅੰਗਰੇਜ਼ੀ ਵਿੱਚ ਲਿਖਿਆ, “ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ ਦਾ ਵੀ ਕੋਈ ਇਲਾਜ (ਗਿੱਦੜ ਸਿੰਙੀ) ਹੁੰਦਾ।”

ਉਨ੍ਹਾਂ ਅੱਗੇ ਕਿਹਾ, “ਪਿਛਲੇ 45 ਸਾਲਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਮੈਂ ਵੀ ਆਪਣੀ ਪੂਰੀ ਬਾਲਗ ਜ਼ਿੰਦਗੀ ਕਾਂਗਰਸ ਦੀ ਸੇਵਾ ਲਈ ਸਮਰਪਿਤ ਕੀਤੀ ਹੈ। ਜੋ ਹੋਵੇਗਾ, ਸੋ ਹੋਵੇਗਾ…”

ਚੰਨੀ ਅਤੇ ਰੰਧਾਵਾ ਦੀ ਨਾਰਾਜ਼ਗੀ ਦੀ ਚਰਚਾ

ਪਾਰਟੀ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਨਾਰਾਜ਼ਗੀ ਦੀ ਵੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਗੂਆਂ ਨੇ ਹੁਣ ਤੱਕ ਨਵੀਆਂ ਜ਼ਿੰਮੇਵਾਰੀਆਂ ਮਿਲਣ ‘ਤੇ ਨਾ ਕੋਈ ਜਨਤਕ ਧੰਨਵਾਦ ਕੀਤਾ ਹੈ ਅਤੇ ਨਾ ਹੀ ਸੋਸ਼ਲ ਮੀਡੀਆ ‘ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ।

ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਚੰਨੀ ਖੁਦ ਪ੍ਰਧਾਨ ਬਣਨਾ ਚਾਹੁੰਦੇ ਸਨ ਅਤੇ ਇਸ ਬਾਰੇ ਸਹਿਮਤੀ ਵੀ ਬਣ ਗਈ ਸੀ। ਹਾਲਾਂਕਿ ਆਖ਼ਰੀ ਸਮੇਂ ‘ਤੇ ਰਾਜਾ ਵੜਿੰਗ ਨੂੰ ਹੀ ਅਹੁਦੇ ‘ਤੇ ਕਾਇਮ ਰੱਖਿਆ ਗਿਆ। ਰੰਧਾਵਾ ਦੇ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਜੇ ਪ੍ਰਧਾਨ ਜੱਟ ਸਿੱਖ ਭਾਈਚਾਰੇ ਵਿੱਚੋਂ ਹੀ ਬਣਾਉਣਾ ਸੀ ਤਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲਣੀ ਚਾਹੀਦੀ ਸੀ।

ਹਾਈਕਮਾਨ ਨੇ ਦਿੱਤੀਆਂ ਨਵੀਆਂ ਜ਼ਿੰਮੇਵਾਰੀਆਂ

ਤਾਜ਼ਾ ਬਦਲਾਅ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ ਹੈ, ਜਦਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਵੰਡ ਨਾਲ ਜੁੜੀ ਕੋਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।

ਰਵਨੀਤ ਬਿੱਟੂ ਨੇ ਵੀ ਕੱਸਿਆ ਤੰਜ

ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਮਾਮਲੇ ‘ਤੇ ਕਾਂਗਰਸ ‘ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਪਹਿਲਾਂ ਚੰਨੀ ਨੂੰ ਪ੍ਰਧਾਨ ਬਣਾਉਣ ਲਈ ਚਿੱਠੀਆਂ ਲਿਖੀਆਂ ਸਨ, ਹੁਣ ਉਹ ਰਾਜਾ ਵੜਿੰਗ ਨਾਲ ਕਿਵੇਂ ਕੰਮ ਕਰਨਗੇ। ਉਨ੍ਹਾਂ ਦਾ ਦਾਅਵਾ ਸੀ ਕਿ ਕਾਂਗਰਸ ਦੇ ਕਈ ਸੀਨੀਅਰ ਆਗੂ ਇਸ ਫ਼ੈਸਲੇ ਨਾਲ ਖੁਸ਼ ਨਹੀਂ ਹਨ।

ਪਾਰਟੀ ਅੰਦਰ ਇਹ ਵੀ ਚਰਚਾ ਹੋ ਰਹੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਂਗ ਇਸ ਵਾਰ ਵੀ ਅੰਦਰੂਨੀ ਮਤਭੇਦ ਉਭਰਦੇ ਨਜ਼ਰ ਆ ਰਹੇ ਹਨ। ਉਸ ਵੇਲੇ ਵੀ ਪਾਰਟੀ ਦੇ ਵੱਖ-ਵੱਖ ਧੜਿਆਂ ਵਿਚਾਲੇ ਅਸਹਿਮਤੀ ਦੇਖਣ ਨੂੰ ਮਿਲੀ ਸੀ, ਜਿਸਦਾ ਅਸਰ ਚੋਣਾਂ ਦੌਰਾਨ ਵੀ ਨਜ਼ਰ ਆਇਆ ਸੀ।

 

Share This Article
Leave a Comment