ਅੰਬਾਲਾ ਵਿੱਚ 4 ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ, ਰੈਸਕਿਊ ਸਵੇਰ ਤੋਂ ਜਾਰੀ

Global Team
4 Min Read

ਅੰਬਾਲਾ: ਹਰਿਆਣਾ ਦੇ ਅੰਬਾਲਾ ਵਿੱਚ ਮੰਗਲਵਾਰ ਸਵੇਰੇ ਕਰੀਬ 7 ਵਜੇ ਇੱਕ 4 ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ। ਇਹ ਘਟਨਾ ਧਨੌੜਾ ਪਿੰਡ ਦੀ ਹੈ। ਬੱਚੇ ਦੀ ਪਛਾਣ ਨਿਰਭੈਅ ਵਜੋਂ ਹੋਈ ਹੈ, ਜੋ ਆਪਣੇ ਪਿਤਾ ਨਾਲ ਖੇਤ ਵਿੱਚ ਦਾਦਾ ਨੂੰ ਰੋਟੀ ਦੇਣ ਗਿਆ ਸੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਸੀ ਅਜੈ ਸਿੰਘ ਤੋਮਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਬੱਚੇ ਨੂੰ ਬਾਹਰ ਕੱਢਣ ਲਈ ਚੱਲ ਰਿਹਾ ਸਾਂਝਾ ਰੈਸਕਿਊ ਆਪਰੇਸ਼ਨ

ਮਾਸੂਮ ਨੂੰ ਸੁਰੱਖਿਅਤ ਬਾਹਰ ਕੱਢਣ ਲਈ NDRF, SDRF ਅਤੇ ਫੌਜ ਦੀਆਂ ਟੀਮਾਂ ਮਿਲ ਕੇ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਹਨ। ਬੋਰਵੈੱਲ ਵਿੱਚ ਲਗਭਗ 60 ਫੁੱਟ ਦੀ ਡੂੰਘਾਈ ਤੋਂ ਪਾਣੀ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਬੱਚੇ ਦੀ ਸਥਿਤੀ ਦਾ ਸਹੀ ਅੰਦਾਜ਼ਾ ਲਗਾਉਣ ਵਿੱਚ ਮੁਸ਼ਕਲ ਆ ਰਹੀ ਹੈ।

ਅੰਦਰ ਦੀ ਸਥਿਤੀ ਦੇਖਣ ਲਈ ਰੱਸੀਆਂ ਦੀ ਮਦਦ ਨਾਲ ਅੰਡਰਵਾਟਰ ਕੈਮਰੇ ਹੇਠਾਂ ਉਤਾਰੇ ਗਏ ਹਨ।

ਕੈਮਰੇ ਵਿੱਚ ਦਿਖਿਆ ਬੱਚੇ ਦਾ ਹੱਥ

NDRF ਟੀਮ ਦੇ ਇੱਕ ਮੈਂਬਰ ਮੁਤਾਬਕ ਕੈਮਰੇ ਵਿੱਚ ਬੱਚੇ ਦਾ ਇੱਕ ਹੱਥ ਉੱਪਰ ਵੱਲ ਦਿਖਾਈ ਦਿੱਤਾ ਹੈ, ਜਦਕਿ ਉਸ ਦੀ ਗਰਦਨ ਹੇਠਾਂ ਵੱਲ ਝੁਕੀ ਹੋਈ ਨਜ਼ਰ ਆਈ।

ਰੈਸਕਿਊ ਦੌਰਾਨ ਬੋਰਵੈੱਲ ਵਿੱਚ ਇੱਕ ਖਾਸ ਕੁੰਡੀ ਵੀ ਉਤਾਰੀ ਗਈ, ਪਰ ਬੱਚੇ ਦੇ ਕੱਪੜੇ ਉਸ ਵਿੱਚ ਨਹੀਂ ਫਸੇ। ਹੱਥ ਦੀ ਸਥਿਤੀ ਕਾਰਨ ਬਾਹਰ ਕੱਢਣ ਵਿੱਚ ਹੋਰ ਦਿੱਕਤ ਆ ਰਹੀ ਹੈ।

ਦਾਦਾ ਲਈ ਰੋਟੀ ਲੈ ਕੇ ਗਿਆ ਸੀ ਨਿਰਭੈਅ

ਨਿਰਭੈਅ ਦੇ ਦਾਦਾ ਕਰਨੈਲ ਸਿੰਘ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਸਨ। ਮੰਗਲਵਾਰ ਸਵੇਰੇ ਕਰੀਬ 6:30 ਵਜੇ ਨਿਰਭੈ ਦੇ ਪਿਤਾ ਮਨਜੀਤ ਉਨ੍ਹਾਂ ਲਈ ਰੋਟੀ ਲੈ ਕੇ ਖੇਤ ਗਏ। ਨਿਰਭੈ ਨੇ ਵੀ ਨਾਲ ਜਾਣ ਦੀ ਜ਼ਿੱਦ ਕੀਤੀ, ਜਿਸ ਤੋਂ ਬਾਅਦ ਪਿਤਾ ਉਸ ਨੂੰ ਨਾਲ ਲੈ ਗਏ।

ਖੇਤ ਵਿੱਚ ਪਿਤਾ ਕੰਮ ਕਰਨ ਲੱਗੇ ਅਤੇ ਦਾਦਾ ਰੋਟੀ ਖਾਣ ਲੱਗੇ। ਨਿਰਭੈਅ ਵੀ ਉਨ੍ਹਾਂ ਦੇ ਕੋਲ ਬੈਠ ਗਿਆ।

ਖੇਡਦੇ-ਖੇਡਦੇ ਬੋਰਵੈੱਲ ਕੋਲ ਪਹੁੰਚ ਗਿਆ

ਕੁਝ ਸਮੇਂ ਬਾਅਦ ਨਿਰਭੈਅ ਖੇਡਣ ਲੱਗਾ ਅਤੇ ਥੋੜ੍ਹਾ ਦੂਰ ਚਲਾ ਗਿਆ। ਉੱਥੇ ਖੁੱਲ੍ਹਾ ਬੋਰਵੈੱਲ ਦੇਖ ਕੇ ਉਹ ਉਸ ਵਿੱਚ ਮਿੱਟੀ ਸੁੱਟਣ ਲੱਗ ਪਿਆ। ਹੇਠਾਂ ਤੋਂ ਆਵਾਜ਼ ਆਉਣ ਕਾਰਨ ਉਹ ਅੰਦਰ ਝਾਕ ਕੇ ਦੇਖਣ ਲੱਗਾ।

ਬੋਰਵੈੱਲ ਦੇ ਨੇੜੇ ਮਿੱਟੀ ਵੀ ਗਿੱਲੀ ਸੀ। ਸੰਭਵ ਹੈ ਕਿ ਇਸੇ ਦੌਰਾਨ ਉਸ ਦਾ ਪੈਰ ਫਿਸਲਿਆ ਅਤੇ ਉਹ ਬੋਰਵੈੱਲ ਵਿੱਚ ਡਿੱਗ ਗਿਆ।

ਪਹਿਲਾਂ ਪਰਿਵਾਰ ਨੇ ਖੁਦ ਕੀਤੀ ਕੋਸ਼ਿਸ਼, ਫਿਰ ਪੁਲਿਸ ਨੂੰ ਦਿੱਤੀ ਸੂਚਨਾ

ਜਿਵੇਂ ਹੀ ਆਵਾਜ਼ ਆਈ ਤਾਂ ਦਾਦਾ ਅਤੇ ਪਿਤਾ ਤੁਰੰਤ ਬੋਰਵੈੱਲ ਕੋਲ ਪਹੁੰਚੇ। ਉਨ੍ਹਾਂ ਅਤੇ ਨੇੜਲੇ ਲੋਕਾਂ ਨੇ ਪਹਿਲਾਂ ਖੁਦ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਾਂ ਮਿਲਣ ‘ਤੇ ਕਰੀਬ ਸਾਢੇ 7 ਵਜੇ ਡਾਇਲ 112 ‘ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਇਸ ਤੋਂ ਬਾਅਦ ਫਾਇਰ ਬ੍ਰਿਗੇਡ, NDRF ਅਤੇ ਫੌਜ ਨੂੰ ਮਦਦ ਲਈ ਬੁਲਾਇਆ ਗਿਆ।

60 ਫੁੱਟ ਤੋਂ ਬਾਅਦ ਪਾਣੀ ਬਣਿਆ ਵੱਡੀ ਚੁਣੌਤੀ

ਰੈਸਕਿਊ ਟੀਮਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਆ ਰਹੀ ਹੈ ਕਿ ਬੋਰਵੈੱਲ ਵਿੱਚ ਕਰੀਬ 60 ਫੁੱਟ ਤੋਂ ਬਾਅਦ ਪਾਣੀ ਭਰਿਆ ਹੋਇਆ ਹੈ। ਇਹ ਬੋਰਵੈੱਲ ਟਿਊਬਵੈੱਲ ਲਈ ਲਗਭਗ 220 ਫੁੱਟ ਤੱਕ ਖੋਦਿਆ ਗਿਆ ਸੀ।

ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਬਚਾਅ ਕੰਮ ਜਾਰੀ ਹੈ।

Share This Article
Leave a Comment