ਹਿਮਾਚਲ-ਉੱਤਰਾਖੰਡ ਸਰਹੱਦ ‘ਤੇ ਤਣਾਅ: ਨਿਹੰਗ ਸਿੰਘਾਂ ਅਤੇ ਪੁਲਿਸ ਦਰਮਿਆਨ ਟਕਰਾਅ

Global Team
3 Min Read

ਉਤਰਾਖੰਡ: ਉਤਰਾਖੰਡ ਦੇ ਕਰਨਪ੍ਰਯਾਗ ਵਿੱਚ ਨਿਹੰਗ ਸਿੱਖਾਂ ਨਾਲ ਹੋਏ ਝਗੜੇ ਤੋਂ ਬਾਅਦ, ਪੁਲਿਸ ਨੇ ਨਿਹੰਗਾਂ ਦੇ ਇੱਕ ਸਮੂਹ ਨੂੰ ਰੋਕ ਲਿਆ ਹੈ ਜੋ ਹਿਮਾਚਲ-ਉੱਤਰਾਖੰਡ ਸਰਹੱਦ ਵੱਲ ਵਧ ਰਹੇ ਸਨ। ਇਸ ਤੋਂ ਬਾਅਦ, ਵੱਡੀ ਗਿਣਤੀ ਵਿੱਚ ਨਿਹੰਗ ਇਕੱਠੇ ਹੋਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੋਸ਼ ਹੈ ਕਿ ਨਿਹੰਗਾਂ ਨੇ ਵਿਕਾਸਨਗਰ ਵਿੱਚ ਕੁੱਲਹਾਲ ਸਰਹੱਦ ‘ਤੇ ਪੱਥਰਬਾਜ਼ੀ ਕੀਤੀ ਅਤੇ ਬੈਰੀਕੇਡ ਤੋੜ ਕੇ ਅੱਗੇ ਵਧੇ। ਇਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਦਖਲ ਦਿੱਤਾ।

ਜਾਣਕਾਰੀ ਅਨੁਸਾਰ ਨਿਹੰਗ ਸਿੰਘਾਂ ਨੂੰ ਰੋਕਣ ਲਈ ਉਤਰਾਖੰਡ ਦੇ ਬਾਰਡਰ ’ਤੇ ਘੇਰਾਬੰਦੀ ਕੀਤੀ ਹੋਈ ਸੀ। ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਕੁਲਹਾਲ-ਵਿਕਾਸਨਗਰ ਬਾਰਡਰ ’ਤੇ ਘੇਰਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਬਲ ਦੰਗਾ ਰੋਕੂ ਸਾਜ਼ੋ-ਸਾਮਾਨ ਨਾਲ ਤਾਇਨਾਤ ਸਨ।

ਨਿਹੰਗ ਜਥੇਬੰਦੀਆਂ ਵੱਲੋਂ ਉੱਤਰਾਖੰਡ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਸਨ। ਇਹ ਤਣਾਅ ਹਾਲ ਹੀ ਵਿੱਚ ਕਰਨਪ੍ਰਯਾਗ ਅਤੇ ਨਗਰਾਸੂ ਗੁਰਦੁਆਰਿਆਂ ਨਾਲ ਜੁੜੇ ਵਿਵਾਦ ਤੋਂ ਬਾਅਦ ਵਧਿਆ ਸੀ।

ਮੁਹਾਲੀ ਤੋਂ ਰਵਾਨਾ ਹੋਇਆ ਸੀ ਜਥਾ

ਹਾਸਿਲ ਜਾਣਕਾਰੀ ਅਨੁਸਾਰ ਨਿਹੰਗ ਸਿੰਘਾਂ ਦਾ ਇਹ ਜਥਾ ਪੰਜਾਬ ਦੇ ਮੁਹਾਲੀ ਤੋਂ ਰਵਾਨਾ ਹੋਇਆ ਸੀ। ਉਨ੍ਹਾਂ ਨੂੰ ਉੱਤਰਾਖੰਡ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕੁਲਹਾਲ ਚੌਕੀ ਇਲਾਕੇ ਨੂੰ ਸਖ਼ਤ ਸੁਰੱਖਿਆ ਵਾਲੇ ਖੇਤਰ ਵਿੱਚ ਤਬਦੀਲ ਕੀਤਾ ਗਿਆ ਸੀ।

ਪੁਲਿਸ ਸੁਪਰਡੈਂਟ ਪੰਕਜ ਗਰੋਲਾ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਅੱਗੇ ਨਿਕਲ ਗਏ ਹਨ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ 16 ਜੂਨ ਨੂੰ ਕਰਨਪ੍ਰਯਾਗ ਵਿੱਚ ਸਥਾਨਕ ਲੋਕਾਂ ਅਤੇ ਇੱਕ ਹੋਰ ਨਿਹੰਗ ਜਥੇ ਵਿਚਾਲੇ ਹੋਇਆ ਇੱਕ ਛੋਟਾ ਵਿਵਾਦ ਹਿੰਸਕ ਝੜਪ ਵਿੱਚ ਬਦਲ ਗਿਆ ਸੀ।ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਚਾਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੇ ਇਸ ਕਾਰਵਾਈ ਨੂੰ ਇਕਪਾਸੜ ਕਰਾਰ ਦਿੰਦਿਆਂ ਇਸ ਦਾ ਵਿਰੋਧ ਕੀਤਾ ਸੀ। ਫਿਲਹਾਲ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਪੁਲੀਸ ਤੇ ਪ੍ਰਸ਼ਾਸਨ ਲਗਾਤਾਰ ਹਾਲਾਤ ’ਤੇ ਨਜ਼ਰ ਰੱਖੇ ਹੋਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment