ਪੰਚਕੂਲਾ: ਹਰਿਆਣਾ ਵਿੱਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਪੰਚਕੂਲਾ ਦੇ ਸੈਕਟਰ-5 ਸਥਿਤ ਪਰੇਡ ਗ੍ਰਾਊਂਡ ਵਿੱਚ ਰਾਜ ਪੱਧਰੀ ਯੋਗ ਸਮਾਗਮ ਆਯੋਜਿਤ ਕੀਤਾ ਗਿਆ, ਜਿੱਥੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਸਿਹਤ ਮੰਤਰੀ ਆਰਤੀ ਰਾਓ ਨੇ ਕਰੀਬ 10 ਹਜ਼ਾਰ ਲੋਕਾਂ ਨਾਲ ਮਿਲ ਕੇ ਯੋਗ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਸੈਸ਼ਨ ਤੋਂ 9ਵੀਂ ਜਮਾਤ ਤੱਕ ਯੋਗ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਲ 2026–27 ਦੇ ਮੌਜੂਦਾ ਸੈਸ਼ਨ ਵਿੱਚ ਯੋਗ ਪਹਿਲਾਂ ਹੀ ਛੇਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾ ਚੁੱਕਾ ਹੈ ਅਤੇ ਅਗਲੇ ਸੈਸ਼ਨ ਵਿੱਚ ਤੀਜੀ ਤੋਂ ਨੌਵੀਂ ਜਮਾਤ ਤੱਕ ਇਹ ਲਾਗੂ ਕੀਤਾ ਜਾਵੇਗਾ।
ਗੁਰੁਗ੍ਰਾਮ ਵਿੱਚ ਅਦਾਕਾਰਾ ਸ਼ਿਲਪਾ ਸ਼ੈੱਟੀ ਯੋਗ ਸੈਸ਼ਨ ਲਈ ਪਹੁੰਚੀ। ਉਨ੍ਹਾਂ ਦਾ ਪ੍ਰੋਗਰਾਮ ਸਵੇਰੇ ਪੌਣੇ ਸੱਤ ਵਜੇ ਸੀ ਪਰ ਉਹ ਕਰੀਬ 8 ਵਜੇ ਪਹੁੰਚੀ। ਇਸ ਦੌਰਾਨ ਲੋਕ ਉਨ੍ਹਾਂ ਦੀ ਉਡੀਕ ਕਰਦੇ ਰਹੇ। ਮੰਚ ‘ਤੇ ਪਹੁੰਚਣ ‘ਤੇ ਯੋਗ ਕਰਨ ਆਏ ਲੋਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ। ਇਸੇ ਤਰ੍ਹਾਂ ਗੁਰੁਗ੍ਰਾਮ ਦੇ ਐਲਨ ਮਾਲ ਵਿੱਚ ਅਦਾਕਾਰਾ ਐਲਨਾਜ਼ ਨੋਰੌਜ਼ੀ ਨੇ ਵੀ ਯੋਗ ਕਰਵਾਇਆ।
ਕਰਨਾਲ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਪਰ ਉਨ੍ਹਾਂ ਨੇ ਯੋਗ ਆਸਨ ਨਹੀਂ ਕੀਤੇ ਅਤੇ ਕੁਰਸੀ ‘ਤੇ ਬੈਠ ਕੇ ਪ੍ਰੋਗਰਾਮ ਦੇਖਦੇ ਰਹੇ। ਉੱਥੇ ਹੀ ਹਿਸਾਰ ਵਿੱਚ ਸਾਬਕਾ ਮੰਤਰੀ ਅਨੂਪ ਧਾਨਕ ਇੱਕ ਮੁਸ਼ਕਲ ਯੋਗ ਮੁਦਰਾ ਦੌਰਾਨ ਫਸ ਗਏ।
ਨਾਰਨੌਲ ਵਿੱਚ ਮੀਂਹ ਪੈਣ ਕਾਰਨ ਪ੍ਰੋਗਰਾਮ ਦਾ ਸਥਾਨ ਬਦਲਣਾ ਪਿਆ ਅਤੇ ਸਮਾਗਮ ਨੂੰ ਸਟੇਡੀਅਮ ਦੇ ਅੰਦਰ ਕਰਵਾਇਆ ਗਿਆ।
ਯੋਗ ਦਿਵਸ ਮੌਕੇ ਮੁੱਖ ਮੰਤਰੀ ਨੇ ਹੋਰ ਵੀ ਕਈ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਅਤੇ ਹਰਿਆਣਾ ਲੋਕ ਸੇਵਾ ਆਯੋਗ ਦੀਆਂ ਪ੍ਰੀਖਿਆਵਾਂ ਵਿੱਚ ਯੋਗ ਨਾਲ ਸੰਬੰਧਿਤ ਕੁਝ ਸਵਾਲ ਲਾਜ਼ਮੀ ਕੀਤੇ ਜਾਣਗੇ।
ਇਸ ਤੋਂ ਇਲਾਵਾ ਸਕੂਲਾਂ ਵਿੱਚ ਯੋਗ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਮੋਰਨੀ ਵਿੱਚ ਕੁਦਰਤੀ ਚਿਕਿਤਸਾ ਅਤੇ ਯੋਗ ਲਈ ਰਾਜ ਪੱਧਰੀ ਸੰਸਥਾਨ ਬਣਾਇਆ ਜਾਵੇਗਾ। ਯੋਗਾਸਨ ਨੂੰ ਰਾਜ ਦੀ ਖੇਡ ਨੀਤੀ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਸਰਕਾਰੀ ਸਕੂਲਾਂ ਵਿੱਚ ਪ੍ਰਾਰਥਨਾ ਸਭਾ ਦੌਰਾਨ ਰਾਜ ਗੀਤ ਦਾ ਸਮੂਹਿਕ ਗਾਇਨ ਵੀ ਕਰਵਾਇਆ ਜਾਵੇਗਾ।

