ਮੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼, ਮੁਲਜ਼ਮ ਨੂੰ ਦਬੋਚ ਕੇ ਕੀਤਾ ਪੁਲਿਸ ਹਵਾਲੇ

Global Team
3 Min Read

ਮੋਗਾ : ਮੋਗਾ ਦੇ ਧਰਮਕੋਟ ਸ਼ਹਿਰ ਦੇ ਚੁੱਗਾ ਬਸਤੀ ਵਿੱਚ ਗੁਰਦੁਆਰਾ ਧਰਮ ਕੀ ਪੌੜੀ ਵਿੱਚ ਮੰਗਲਵਾਰ ਸਵੇਰੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਨੌਜਵਾਨ ਗੁਰੂਦੁਆਰਾ ਸਾਹਿਬ ਵਿੱਚ ਦਾਖਲ ਹੋਇਆ, ਸ਼ੀਸ਼ਾ ਦੀ ਖਿੜਕੀ ਤੋੜੀ ਅਤੇ ਸੁਖਆਸਣ ਅਸਥਾਨ ਤੱਕ ਚਲਾ ਗਿਆ। ਗੁਰਦੁਆਰੇ ਦੇ ਪਿੱਛੇ ਇੱਕ ਘਰ ਦੀ ਛੱਤ ‘ਤੇ ਇੱਕ ਔਰਤ ਨੇ ਨੌਜਵਾਨ ਨੂੰ ਦੇਖਿਆ ਅਤੇ ਰੌਲਾ ਪਾਇਆ।

ਮਿਲੀ ਜਾਣਕਾਰੀ ਮੁਤਾਬਕ ਅੱਜ ਤੜਕਸਾਰ ਅੱਠ ਵਜੇ ਦੇ ਲਗਭਗ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਬਲਦੇਵ ਸਿੰਘ ਨਿਤਨੇਮ ਕਰਨ ਤੋਂ ਬਾਅਦ ਮੁੱਖ ਦਰਵਾਜ਼ੇ ਨੂੰ ਤਾਲਾ ਲਗਾ ਕੇ ਅਤੇ ਨਜ਼ਦੀਕੀ ਘਰ ਨੂੰ ਸੂਚਿਤ ਕਰਕੇ ਆਪਣੇ ਘਰ ਧਰਮਕੋਟ ਵਾਪਿਸ ਆ ਗਏ। ਇਸੇ ਦੌਰਾਨ ਇੱਕ ਕੈਪਰੀ ਪਹਿਣਿਆ ਨੌਜਵਾਨ, ਜੋ ਸਿਰ ਤੋਂ ਮੋਨਾ (ਕੇਸ ਕਟਵਾਏ ਹੋਏ) ਸੀ, ਉੱਥੇ ਪੁੱਜਾ ਅਤੇ ਗੁਰਦੁਆਰਾ ਸਾਹਿਬ ਦੀ ਬਾਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਗਿਆ। ਪਹਿਲਾਂ ਉਸ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਗੋਲਕ ਨਾਲ ਛੇੜਛਾੜ ਕੀਤੀ ਅਤੇ ਬਾਅਦ ਵਿੱਚ ਉਹ ਸੁਖਆਸਣ ਅਸਥਾਨ ਤੱਕ ਚਲਾ ਗਿਆ।

ਇਸੇ ਦੌਰਾਨ ਪਿੱਛੇ ਇੱਕ ਘਰ ਦੀ ਔਰਤ, ਜੋ ਕਿ ਛੱਤ ’ਤੇ ਚੜ੍ਹੀ ਹੋਈ ਸੀ, ਨੇ ਉਸ ਨੂੰ ਦੇਖ ਕੇ ਰੌਲਾ ਪਾ ਦਿੱਤਾ। ਇਸ ਦੀ ਜਾਣਕਾਰੀ ਮਿਲਦਿਆਂ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਨੇੜਲੇ ਘਰਾਂ ਦੇ ਲੋਕ ਉੱਥੇ ਪੁੱਜ ਗਏ ਅਤੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਜ਼ਰਦਾ-ਤੰਬਾਕੂ ਵੀ ਬਰਾਮਦ ਹੋਇਆ।

CCTV ਵਿੱਚ ਕੈਦ ਹੋਇਆ ਮੁਲਜ਼ਮ

ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਵਾਲਾ ਵਿਅਕਤੀ ਸੀਸੀਟੀਵੀ ਵਿੱਚ ਕੈਦ ਹੋ ਗਿਆ। ਪੁਲਿਸ ਨੇ ਗੁਰਦੁਆਰਾ ਸਾਹਿਬ ਤੋਂ ਸੀਸੀਟੀਵੀ ਫੁਟੇਜ ਵੀ ਜ਼ਬਤ ਕਰ ਲਈ ਹੈ। ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਗੋਲਕ ਵੱਲ ਦੇਖ ਰਿਹਾ ਹੈ ਅਤੇ ਫਿਰ ਸੁਖਆਸਣ ਅਸਥਾਨ ਤੱਕ ਚਲਾ ਗਿਆ।

ਪੁਲਿਸ ਮੁਲਜ਼ਮ ਤੋਂ ਕਰ ਰਹੀ ਪੁੱਛਗਿੱਛ

ਮੁਲਜ਼ਮ ਦਾ ਅਸਲ ਉਦੇਸ਼ ਅਜੇ ਵੀ ਸਪੱਸ਼ਟ ਨਹੀਂ ਹੈ। ਹਾਲਾਂਕਿ, ਪੁਲਿਸ ਸ਼ੁਰੂਆਤੀ ਤੌਰ ‘ਤੇ ਇਸ ਨੂੰ ਚੋਰੀ ਦੀ ਕੋਸ਼ਿਸ਼ ਨਾਲ ਜੋੜ ਰਹੀ ਹੈ। ਗੁਰਦੁਆਰਾ ਕਮੇਟੀ ਤੋਂ ਮਿਲੀ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਥਿਤ ਤੌਰ ‘ਤੇ ਮੁਲਜ਼ਮ ਨੇੜਲੇ ਪਿੰਡ ਜਲਾਲਾਬਾਦ ਪੂਰਬ ਦਾ ਰਹਿਣ ਵਾਲਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment