ਪੰਜਾਬ – ਹਰਿਆਣਾ ਸਮੇਤ ਕਈ ਰਾਜਾਂ ਲਈ ਹਨ੍ਹੇਰੀ-ਮੀਂਹ ਦਾ ਅਲਰਟ! ਪੜ੍ਹੋ ਵੱਡੀ ਅਪਡੇਟ

Global Team
3 Min Read

ਚੰਡੀਗੜ੍ਹ : ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰੀ ਭਾਰਤ ਵਿੱਚ ਅਜੇ ਵੀ ਹਨ੍ਹੇਰੀ ਅਤੇ ਮੀਂਹ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਅਜੇ ਇੱਕ ਹਨ੍ਹੇਰੀ ਅਤੇ ਮੀਂਹ ਦਾ ਦੌਰ ਜਾਰੀ ਰਹੇਗਾ।

ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅੱਜ ਤੇਜ਼ ਹਨ੍ਹੇਰੀ, ਗਰਜ-ਚਮਕ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਬੁਢਲਾਡਾ, ਲਹਿਰਾ, ਮੂਨਕ, ਪਾਤੜਾਂ, ਬਟਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁਝ ਇਲਾਕਿਆਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਸੁਨਾਮ, ਫਾਜ਼ਿਲਕਾ, ਮੁਕਤਸਰ, ਜਲਾਲਾਬਾਦ, ਫ਼ਰੀਦਕੋਟ, ਫ਼ਿਰੋਜ਼ਪੁਰ, ਜ਼ੀਰਾ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਖਡੂਰ ਸਾਹਿਬ, ਬਾਬਾ ਬਕਾਲਾ, ਅੰਮ੍ਰਿਤਸਰ-1, ਅੰਮ੍ਰਿਤਸਰ-2, ਮੁਕੇਰੀਆਂ ਅਤੇ ਧਾਰ ਕਲਾਂ ਦੇ ਕੁਝ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਖ਼ਰਾਬ ਮੌਸਮ ਦੌਰਾਨ ਖੁੱਲ੍ਹੀਆਂ ਥਾਵਾਂ, ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਅਤੇ ਕਿਸੇ ਸੁਰੱਖਿਅਤ ਥਾਂ ‘ਤੇ ਪਨਾਹ ਲੈਣ।

ਹਰਿਆਣਾ ਵਿੱਚ ਵੀ ਮੰਗਲਵਾਰ ਸਵੇਰੇ 4 ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਨੇ ਸਾਰੇ 22 ਜ਼ਿਲ੍ਹਿਆਂ ਵਿੱਚ ਹਨ੍ਹੇਰੀ ਅਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ ਤਿੰਨ ਦਿਨਾਂ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

ਬੀਤੇ ਕੱਲ੍ਹ ਵੀ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਹਨ੍ਹੇਰੀ-ਤੂਫ਼ਾਨ ਦੇ ਨਾਲ ਮੀਂਹ ਪਿਆ। ਹਨ੍ਹੇਰੀ ਕਾਰਨ ਹਾਂਸੀ ਵਿੱਚ ਇੱਕ ਟਾਵਰ ਡਿੱਗ ਗਿਆ ਅਤੇ ਇੱਕ ਮਕਾਨ ਦੀ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਹਿਸਾਰ, ਸਿਰਸਾ, ਭਿਵਾਨੀ, ਰੋਹਤਕ, ਨਾਰਨੌਲ, ਰੇਵਾੜੀ, ਸੋਨੀਪਤ ਅਤੇ ਪਾਣੀਪਤ ਵਿੱਚ ਲੋਕਾਂ ਨੂੰ ਧੂੜ ਭਰੀ ਹਨ੍ਹੇਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਭਿਵਾਨੀ ਦੇ ਸਿਵਾਨੀ ਵਿੱਚ ਧੂੜ ਦਾ ਕਰੀਬ 100 ਮੀਟਰ ਉੱਚਾ ਵਾਵਰੋਲਾ ਦਿਖਾਈ ਦਿੱਤਾ। ਮੰਗਲਵਾਰ ਸਵੇਰ ਤੋਂ ਹੀ ਸੋਨੀਪਤ, ਹਿਸਾਰ, ਮਹਿੰਦਰਗੜ੍ਹ, ਹਾਂਸੀ, ਕੈਥਲ, ਰੋਹਤਕ ਅਤੇ ਫ਼ਤਿਹਾਬਾਦ ਵਿੱਚ ਮੀਂਹ ਪਿਆ। ਦਿਨ ਵੇਲੇ ਚੱਲ ਰਹੀਆਂ ਠੰਢੀਆਂ ਹਵਾਵਾਂ ਅਤੇ ਧੂੜ ਭਰੀ ਹਨ੍ਹੇਰੀ ਕਾਰਨ ਸੂਬੇ ਵਿੱਚ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਆਈ ਹੈ।

ਦਿੱਲੀ ਦੇ ਕੁਝ ਹਿੱਸਿਆਂ ਵਿੱਚ ਵੀ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਬਿਜਲੀ ਦੇ ਨਾਲ ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਖਾਸ ਕਰਕੇ ਦੁਪਹਿਰ ਅਤੇ ਸ਼ਾਮ ਨੂੰ। ਜੰਮੂ ਅਤੇ ਕਸ਼ਮੀਰ ਲਈ 15-16 ਜੂਨ ਅਤੇ ਫਿਰ 18-21 ਜੂਨ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਤਰਾਖੰਡ ਵਿੱਚ 15 ਅਤੇ 19 ਜੂਨ ਨੂੰ ਤੂਫ਼ਾਨ, ਗਰਜ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਦਿੱਤੀ ਗਈ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ ਵਿੱਚ 18 ਅਤੇ 19 ਜੂਨ ਨੂੰ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ।

 

Share This Article
Leave a Comment