ਗੁਰਦਾਸਪੁਰ: ਪੰਜਾਬ ‘ਚ ਅੱਜ ਚਾਰ ਥਾਵਾਂ ‘ਤੇ ਵੋਟਿੰਗ ਹੋ ਰਹੀ ਹੈ । ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮ ਚੌਰਾਸੀ ਨਗਰ ਕੌਂਸਲ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਵੋੋਟਾਂ ਭੁਗਤਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਇਨ੍ਹਾਂ ਚੋਣਾਂ ਦਾ ਨਤੀਜਾ ਵੀ ਅੱਜ ਸ਼ਾਮ ਨੂੰ ਹੀ ਐਲਾਨਿਆ ਜਾਵੇਗਾ। ਇਹ ਚੋਣਾਂ ਬੈਲੇਟ ਪੇਪਰ ਨਾਲ ਨਹੀਂ, ਸਗੋਂ ਈਵੀਐਮ ਰਾਹੀਂ ਕਰਵਾਈਆਂ ਜਾ ਰਹੀਆਂ ਹਨ ।
ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ‘ਚ ਸਵੇਰੇ 10 ਵਜੇ ਤੱਕ 15.10 ਫ਼ੀਸਦੀ, ਦੀਨਾਨਗਰ ਵਿਚ 15.38 ਫ਼ੀਸਦੀ ਅਤੇ ਕਾਦੀਆਂ ‘ਚ 16.16 ਅਤੇ ਸ਼ਾਮਚੁਰਾਸੀ ‘ਚ 19.54%ਫ਼ੀਸਦੀ ਪੋਲਿੰਗ ਹੋਈ ਹੈ।
ਲੋਕ ਵੱਡੀ ਗਿਣਤੀ ਵਿਚ ਆਪਣਾ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾ ‘ਤੇ ਪਹੁੰਚ ਰਹੇ ਹਨ । ਨਗਰ ਕੌਂਸਲ ਦੀਆਂ ਇਨ੍ਹਾਂ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਕਾਦੀਆਂ ਵਿਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਲਈ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਨੇ ਪੋਲਿੰਗ ਬੂਥ ‘ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ “ਕਾਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਅੱਜ ਆਪਣੇ ਪਰਿਵਾਰ ਨਾਲ ਵੋਟ ਪਾ ਕੇ ਲੋਕਤੰਤਰ ਪ੍ਰਤੀ ਆਪਣਾ ਫਰਜ਼ ਨਿਭਾਇਆ।ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰੋ। ਤੁਹਾਡੀ ਇੱਕ ਵੋਟ ਆਪਣੇ ਸ਼ਹਿਰ ਅਤੇ ਸਮਾਜ ਦੇ ਭਵਿੱਖ ਨੂੰ ਨਿਰਧਾਰਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਲੋਕਤੰਤਰ ਦੀ ਅਸਲ ਤਾਕਤ ਤੁਹਾਡੀ ਵੋਟ ਵਿੱਚ ਵੱਸਦੀ ਹੈ।”
ਚੋਣ ਕਮਿਸ਼ਨ ਦੀ ਜਾਣਕਾਰੀ ਅਨੁਸਾਰ, ਇਨ੍ਹਾਂ ਚਾਰ ਨਗਰ ਕੌਂਸਲ ਚੋਣਾਂ ਲਈ ਕੁੱਲ 68 ਵਾਰਡਾਂ ਵਿੱਚ ਵੋਟਿੰਗ ਹੋ ਰਹੀ ਹੈ, ਜਿਸ ਲਈ ਮੈਦਾਨ ਵਿੱਚ ਕੁੱਲ 403 ਉਮੀਦਵਾਰ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਗੁਰਦਾਸਪੁਰ ਦੇ 29 ਵਾਰਡ, ਦੀਨਾਨਗਰ ਨਗਰ ਕੌਂਸਲ ਦੇ 15 ਵਾਰਡ ਅਤੇ ਕਾਦੀਆਂ ਨਗਰ ਕੌਂਸਲ ਦੇ 15 ਵਾਰਡ ਹਨ। ਜਦਕਿ ਹੁਸ਼ਿਆਰਪੁਰ ਦੀ ਸ਼ਾਮਚੁਰਾਸੀ ਨਗਰ ਕੌਂਸਲ 9 ਵਾਰਡਾਂ ਲਈ ਵੋਟਾਂ ਪੈਣਗੀਆਂ, ਜਿਨ੍ਹਾਂ ਲਈ ਕੁੱਲ 9 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਕੁੱਲ 37 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

