ਮੋਰਿੰਡਾ ‘ਚ ਆਵਾਰਾ ਕੁੱਤਿਆਂ ਦਾ ਕਹਿਰ, 8 ਸਾਲਾ ਬੱਚੀ ਨੂੰ ਨੋਚਿਆ

Global Team
3 Min Read

ਮੋਰਿੰਡਾ: ਸ਼ਹਿਰ ਵਿੱਚ ਖੂੰਖਾਰ ਕੁੱਤਿਆਂ ਵੱਲੋਂ ਇੱਕ ਬੱਚੀ ਨੂੰ ਨੋਚ-ਨੋਚ ਕੇ ਖਾਣ ਨਾਲ ਬੱਚੇ ਦੀ ਮੌਤ ਹੋ ਜਾਣ ’ਤੇ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।  ਬੀਤੇ ਦਿਨ, ਦੁਪਹਿਰ ਲਗਭਗ 3 ਵਜੇ ਗਲੀ ‘ਚ ਲੰਘ ਰਹੀ ਇੱਕ 8 ਸਾਲਾ ਬੱਚੀ ‘ਤੇ ਲਗਭਗ ਅੱਧਾ ਦਰਜਨ ਅਵਾਰਾ ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ। ਕੁੱਤਿਆਂ ਨੇ ਨੋਚ-ਨੋਚ ਕੇ ਉਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋ ਗਈ ਹੈ, ਜਿਸ ‘ਚ ਸਾਫ਼ ਪਤਾ ਲੱਗਦਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਉਸ ਬੱਚੀ ਨੂੰ ਕਿੰਨੀ ਬੇਰਹਿਮੀ ਨਾਲ ਨੋਚਿਆ ਜਾ ਰਿਹਾ ਹੈ। ਬੱਚੀ ਆਪਣੇ ਬਚਾਓ ਲਈ ਜ਼ੋਰ-ਜ਼ੋਰ ਨਾਲ ਰੋ ਵੀ ਰਹੀ ਹੈ, ਪਰ ਸਿਖਰ ਦੁਪਹਿਰ ਹੋਣ ਕਰਕੇ ਲੋਕ ਬਾਹਰ ਨਹੀਂ ਸਨ ਤੇ ਉਸ ਮੌਕੇ ਕਿਸੇ ਦਾ ਵੀ ਉਸ ਵੱਲ ਧਿਆਨ ਨਹੀਂ ਗਿਆ।

ਸੀਸੀਟੀਵੀ ਫੁਟੇਜ ਵਿੱਚ ਨਜਰ ਆਇਆ ਹੈ ਕਿ ਕੁੜੀ ਨੇ ਸੜਕ ‘ਤੇ ਕੁਝ ਕੁੱਤਿਆਂ ਨੂੰ ਦੇਖਿਆ। ਜਿਵੇਂ ਹੀ ਉਹ ਭੌਂਕਣ ਲੱਗੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁੱਤਿਆਂ ਦੇ ਝੁੰਡ ਨੇ ਉਸ ਦਾ ਪਿੱਛਾ ਕੀਤਾ। ਕੁਝ ਹੀ ਪਲਾਂ ਬਾਅਦ, ਇੱਕ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ, ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਫਿਰ ਬਾਕੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਹ ਮਦਦ ਲਈ ਚੀਕਦੀ ਰਹੀ, ਪਰ ਕੋਈ ਉਸ ਦੀ ਮਦਦ ਲਈ ਨਹੀਂ ਆਇਆ।

ਗੰਭੀਰ ਰੂਪ ਵਿੱਚ ਜ਼ਖਮੀ ਲੜਕੀ ਨੂੰ ਦੇਖ ਕੇ ਸਥਾਨਕ ਨਿਵਾਸੀਆਂ ਨੇ ਤੁਰੰਤ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਉਸਦਾ ਮੁੱਢਲਾ ਇਲਾਜ ਕੀਤਾ ਗਿਆ ਅਤੇ ਫਿਰ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸਾਰੀਆਂ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚ ਸਕੀ।

ਸ਼ਹਿਰ ਵਾਸੀਆਂ ਕੌਂਸਲਰਾਂ ਅਤੇ ਪਤਵੰਤਿਆਂ ਵੱਲੋਂ ਨਗਰ ਕੌਂਸਲ ਮੋਰਿੰਡਾ ਵਿਖੇ ਇੱਕ ਇਕੱਤਰਤਾ ਕੀਤੀ ਗਈ ਅਤੇ ਕੁੱਤਿਆਂ ਦੀ ਰੋਕਥਾਮ ਲਈ ਐਸਡੀਐਮ ਮੋਰਿੰਡਾ ਚੇਤਨ ਬੰਗੜ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

ਐਸਡੀਐਮ ਕੋਲ ਪਹੁੰਚੇ ਸਮੂਹ ਕੌਂਸਲਰਾਂ ਅਤੇ ਹੋਰਨਾਂ ਸ਼ਹਿਰ ਵਾਸੀਆਂ ਨੇ ਚਿੰਤਾ ਪ੍ਰਗਟ ਕੀਤੀ ਕਿ ਖੂੰਖਾਰ ਕੁੱਤਿਆਂ ਤੋਂ ਬੱਚਿਆਂ ਲਈ ਹਰ ਸਮੇਂ ਖਤਰਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿਨਾਂ ਕੁੱਤਿਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ, ਉਹ ਹੋਰ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਪਹਿਲ ਦੇ ਆਧਾਰ ਤੇ ਇਹਨਾਂ ਕੁੱਤਿਆਂ ਨੂੰ ਕਾਬੂ ਕਰਕੇ ਬਾਹਰ ਕਿਸੇ ਸ਼ੈਲਟਰ ਵਿੱਚ ਭੇਜਿਆ ਜਾਵੇ। ਉਧਰ ਇਸ ਸਬੰਧ ਵਿੱਚ ਐਸਡੀਐਮ ਚੇਤਨ ਬੰਗੜ ਨੇ ਕਿਹਾ ਕਿ ਇਸ ਸਬੰਧ ਵਿੱਚ ਕਾਰਜ ਸਾਧਕ ਅਫਸਰ ਮੋਰਿੰਡਾ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਸਮੱਸਿਆ ਦਾ ਫੌਰੀ ਤੌਰ ’ਤੇ ਹੱਲ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਸ਼ੈਲਟਰ ਬਣਾਉਣ ਲਈ ਬਣਦੀ ਕਾਰਵਾਈ ਕੀਤੀ ਜਾਵੇ।

Share This Article
Leave a Comment