ਭਿਆਨਕ ਗਰਮੀ ਤੋਂ ਮਿਲੇਗੀ ਰਾਹਤ! ਅੱਜ ਤੋਂ ਹਨ੍ਹੇਰੀ-ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ , ਜਾਣੋ ਆਪਣੇ ਸ਼ਹਿਰ ਦਾ ਹਾਲ

Global Team
3 Min Read

ਚੰਡੀਗੜ੍ਹ : ਭਾਰਤ ਭਰ ਵਿੱਚ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ ਹੈ। ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਜਿੱਥੇ ਲੂ ਅਤੇ ਭਿਆਨਕ ਗਰਮੀ ਦਾ ਕਹਿਰ ਬਣਿਆ ਹੋਇਆ ਹੈ, ਉੱਥੇ ਹੀ ਅੱਜ ਕਈ ਰਾਜਾਂ ਵਿੱਚ ਮੀਂਹ, ਤੇਜ਼ ਹਨ੍ਹੇਰੀ, ਬਿਜਲੀ ਲਿਸ਼ਕਣ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਦਿੱਲੀ ਐਨਸੀਆਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਤੋਂ ਲੈ ਕੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੱਕ ਹਨ੍ਹੇਰੀ, ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ ਦਿੱਲੀ ਐਨਸੀਆਰ ਵਿੱਚ ਅੱਜ ਤੋਂ ਮੌਸਮ ਬਦਲਣ ਵਾਲਾ ਹੈ। 44-45 ਡਿਗਰੀ ਦੇ ਭਿਆਨਕ ਤਾਪਮਾਨ ਦੇ ਵਿਚਕਾਰ ਅੱਜ ਤੋਂ ਹਨ੍ਹੇਰੀ, ਮੀਂਹ ਅਤੇ ਕੁਝ ਥਾਵਾਂ ‘ਤੇ ਗੜ੍ਹੇਮਾਰੀ ਦੀ ਵੀ ਚੇਤਾਵਨੀ ਹੈ। ਯੂਪੀ, ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਚੰਡੀਗੜ੍ਹ ਦੇ ਨਾਲ-ਨਾਲ ਪਹਾੜੀ ਰਾਜਾਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਵੀ 11-12 ਜੂਨ ਨੂੰ ਮੀਂਹ ਦਾ ਅਲਰਟ ਹੈ। ਇਸ ਦੇ ਨਾਲ ਹੀ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਮੌਸਮ ਵਿਗਿਆਨ ਕੇਂਦਰ ਮੁਤਾਬਕ ਉਂਝ ਤਾਂ ਪੂਰੇ ਪੰਜਾਬ ਵਿੱਚ ਮੀਂਹ ਅਤੇ ਹਨ੍ਹੇਰੀ ਦੀ ਸੰਭਾਵਨਾ ਹੈ, ਪਰ ਦਸ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਦੇ ਆਸਾਰ ਹਨ। ਇਹਨਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਕਪੂਰਥਲਾ, ਜਲੰਧਰ ਅਤੇ ਫ਼ਤਿਹਗੜ੍ਹ ਸਾਹਿਬ ਸ਼ਾਮਲ ਹਨ।

ਇਸ ਤੋਂ ਇਲਾਵਾ ਹਰਿਆਣਾ ਵਿੱਚ ਅੱਜ ਹਨ੍ਹੇਰੀ ਅਤੇ ਮੀਂਹ ਦੇ ਆਸਾਰ ਬਣ ਰਹੇ ਹਨ। ਮੌਸਮ ਵਿਭਾਗ (IMD) ਨੇ ਅੱਜ ਪੂਰੇ ਸੂਬੇ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਉੱਪਰ ਬਣੇ ਇੱਕ ਸਾਈਕਲੋਨਿਕ ਸਰਕੂਲੇਸ਼ਨ ਅਤੇ ਪਹਾੜਾਂ ਵੱਲ ਵੱਧ ਰਹੀ ਪੱਛਮੀ ਗੜਬੜੀ ਕਾਰਨ ਅੱਜ ਰਾਤ ਤੋਂ ਰਾਜ ਦਾ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ।

ਅਗਲੇ 3 ਦਿਨਾਂ (11 ਤੋਂ 13 ਜੂਨ) ਤੱਕ ਸੂਬੇ ਵਿੱਚ ਹਨ੍ਹੇਰੀ ਅਤੇ ਗਰਜ-ਚਮਕ ਦੇ ਨਾਲ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। ਮੌਸਮ ਵਿਗਿਆਨੀਆਂ ਮੁਤਾਬਕ, ਮੀਂਹ ਦਾ ਸਭ ਤੋਂ ਵੱਧ ਅਸਰ ਉੱਤਰੀ ਅਤੇ ਮੱਧ ਹਰਿਆਣਾ ਦੇ ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਜੀਂਦ ਅਤੇ ਪੰਚਕੂਲਾ ਵਿੱਚ ਦੇਖਣ ਨੂੰ ਮਿਲੇਗਾ।

ਮੌਸਮ ਵਿਭਾਗ ਨੇ ਪੂਰਵੀ ਰਾਜਸਥਾਨ, ਪੱਛਮੀ ਰਾਜਸਥਾਨ ਵਿਚ ਵੀ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਅਤੇ ਰਾਜਸਥਾਨ ਵਿੱਚ ਵੀ ਇਸੇ ਤਰ੍ਹਾਂ ਤੇਜ਼ ਹਨ੍ਹੇਰੀ ਚੱਲਣ ਦੀ ਚੇਤਾਵਨੀ ਹੈ, ਜਦੋਂ ਕਿ ਪੱਛਮੀ ਰਾਜਸਥਾਨ ਵਿੱਚ 11 ਤੋਂ 16 ਜੂਨ ਤੱਕ ਮੀਂਹ ਪੈ ਸਕਦਾ ਹੈ।

Share This Article
Leave a Comment