ਕਾਂਗਰਸ ‘ਚ ਗਈ ‘ਆਪ’ ਦੀ ਪ੍ਰਧਾਨ ਨੇ ਇਕ ਘੰਟੇ ‘ਚ ਫਿਰ ਫੜਿਆ ਝਾੜੂ, ਰਾਜਨੀਤਿਕ ਗਲਿਆਰਿਆਂ ਵਿੱਚ ਛੇੜੀ ਨਵੀਂ ਚਰਚਾ

Global Team
3 Min Read

ਮੋਰਿੰਡਾ : ਮੋਰਿੰਡਾ ਸ਼ਹਿਰ ਅੱਜ ਰਾਜਨੀਤੀ ਦੇ ਉਤਾਰ-ਚੜ੍ਹਾਵ ਦਾ ਕੇਂਦਰ ਬਣਿਆ ਜਦ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੋਰਿੰਡਾ ਸਥਿਤ ਨਿਵਾਸ ਤੇ ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਦਾ ਐਲਾਨ ਕੀਤਾ ਅਤੇ ਉਸਨੂੰ ਸਰੋਪਾ ਪਾਕੇ ਫੋਟੋ ਵੀ ਜਾਰੀ ਕੀਤੀ। ਪਰ ਸਿਰਫ ਇੱਕ ਘੰਟੇ ਬਾਅਦ ਹੀ ਹਲਚਲ ਮਚ ਗਈ ਜਦ ਮਨਜੀਤ ਕੌਰ ਨੇ ਦੁਬਾਰਾ ਆਪਣੀ ਆਮ ਆਦਮੀ ਪਾਰਟੀ ਦੀ ਪਹਿਲੀ ਪਹਿਚਾਣ ਸਥਾਪਿਤ ਕਰਦਿਆਂ ਆਮ ਆਦਮੀ ਪਾਰਟੀ ਦਾ ਸਿਰੋਪਾ ਪਾ ਕੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ‘ਤੇ ਆਪਣਾ ਭਰੋਸਾ ਜਤਾਇਆ। ਇੱਕ ਹੀ ਦਿਨ ਵਿੱਚ ਅਤੇ ਕੁਝ ਘੰਟਿਆਂ ਵਿੱਚ ਹੀ ਵਾਪਰੀਆਂ ਇਹਨਾਂ ਦੋਵੇਂ ਘਟਨਾਵਾਂ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਵੇਰੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮਨਜੀਤ ਕੌਰ ਨੂੰ ਆਪਣੇ ਨਿਵਾਸ ‘ਚ ਸੱਦ ਕੇ ਵੱਡੀ ਗਿਣਤੀ ਵਿੱਚ ਮੌਜੂਦ ਸ਼ਹਿਰ ਵਾਸੀਆਂ ਅਤੇ ਰਾਜਨੀਤਿਕ ਆਗੂਆਂ ਦੀ ਹਾਜ਼ਰੀ ਵਿੱਚ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਲਾਕੇ ਵਿੱਚ ਲੋਕਾਂ ਦੀਆਂ ਉਮੀਦਾਂ ਬਦਲ ਰਹੀਆਂ ਹਨ ਅਤੇ ਰੂਲਿੰਗ ਪਾਰਟੀ ਦੇ ਆਗੂ ਵੀ ਆਪ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਇਹਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਵੱਡੀ ਤਾਕਤ ਮਿਲੀ ਹੈ।

ਕਾਂਗਰਸ ‘ਤੇ ਲਾਏ ਗੁਮਰਾਹ ਕਰਨ ਦੇ ਦੋਸ਼

ਮਨਜੀਤ ਕੌਰ ਨੇ ਆਪਣੇ ਇਸ ਸਬੰਧੀ ਸਪਸ਼ਟ ਕਰਦਿਆਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਵਫਾਦਾਰ ਸਿਪਾਹੀ ਹੈ ਅਤੇ ਕਿਸੇ ਤਰ੍ਹਾਂ ਕਾਂਗਰਸ ਵੱਲੋਂ ਉਸਨੂੰ ਗੁਮਰਾਹ ਕੀਤਾ ਗਿਆ ਸੀ। ਉਸਨੇ ਦੱਸਿਆ ਕਿ ਉਸ ਸਮੇਂ ਵੀ ਉਹ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਸਹਿਮਤ ਨਹੀਂ ਸੀ, ਪ੍ਰੰਤੂ ਉਸਨੂੰ ਗੁਮਰਾਹ ਕੀਤਾ ਗਿਆ ਅਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਤੋਂ ਬਾਅਦ ਮਨਜੀਤ ਕੌਰ ਨੇ ਆਪ ਦਾ ਸਰੋਪਾ ਧਾਰਨ ਕਰਦੇ ਹੋਏ ਵਿਧਾਇਕ ਡਾ. ਚਰਨਜੀਤ ਸਿੰਘ ਦੀ ਹਾਜ਼ਰੀ ਵਿੱਚ ਆਪਣਾ ਭਰੋਸਾ ਜਤਾਇਆ ਅਤੇ ਇਹ ਵੀ ਮਹਿਸੂਸ ਕੀਤਾ ਕਿ ਇਸ ਘਟਨਾ ਨਾਲ ਲੋਕਾਂ ਵਿੱਚ ਉਲਝਣ ਪੈਦੀ ਹੋਈ। ਆਮ ਆਦਮੀ ਪਾਰਟੀ ਦੀ ਬਲਾਕ ਪ੍ਰਧਾਨ ਮਨਜੀਤ ਕੌਰ ਜੀ ਕਾਂਗਰਸ ਵਿੱਚ ਸ਼ਮੂਲੀਅਤ ਅਤੇ ਫਿਰ ਤੇਜ਼ੀ ਨਾਲ ਹੋਈ ਵਾਪਸੀ ਨੇ ਇਲਾਕੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

Share This Article
Leave a Comment