ਚੰਡੀਗੜ੍ਹ: ਹਰਿਆਣਾ ਦੇ ਕੁਰੂਕਸ਼ੇਤਰ ਸਥਿਤ ਲੋਕਨਾਇਕ ਜੈ ਪ੍ਰਕਾਸ਼ ਸਿਵਲ (LNJP) ਹਸਪਤਾਲ ਵਿੱਚ ਸੋਮਵਾਰ ਨੂੰ ਨਰਸਿੰਗ ਸਟਾਫ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਰਾਜ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਸਾਹਮਣੇ ਆਇਆ। ਪ੍ਰਦਰਸ਼ਨ ਕਰ ਰਹੀਆਂ ਨਰਸਾਂ ਨੇ ਮੰਗ ਕੀਤੀ ਕਿ ਚੇਅਰਪਰਸਨ ਜਨਤਕ ਤੌਰ ‘ਤੇ ਮਾਫ਼ੀ ਮੰਗਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਇਹ ਅੰਦੋਲਨ ਪੂਰੇ ਹਰਿਆਣਾ ਵਿੱਚ ਫੈਲ ਸਕਦਾ ਹੈ।
ਨਰਸਿੰਗ ਸਟਾਫ ਨੇ ਦੋ ਘੰਟਿਆਂ ਲਈ ਪੈਨ ਡਾਊਨ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ। ਹਾਲਾਂਕਿ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਸ ਲਈ ਐਮਰਜੈਂਸੀ, ਪੁਰਸ਼ ਅਤੇ ਮਹਿਲਾ ਵਾਰਡ, ਐਨਆਈਸੀਯੂ ਅਤੇ ਜੱਚਾ-ਬੱਚਾ ਵਾਰਡ ਵਿੱਚ ਇੱਕ-ਇੱਕ ਨਰਸਿੰਗ ਅਫ਼ਸਰ ਦੀ ਡਿਊਟੀ ਲਗਾਈ ਗਈ।
ਨਿਰੀਖਣ ਦੌਰਾਨ ਕੀਤੀਆਂ ਗਈਆਂ ਸਨ ਟਿੱਪਣੀਆਂ
ਐਤਵਾਰ ਨੂੰ ਰਾਜ ਮਹਿਲਾ ਆਯੋਗ ਦੀ ਚੇਅਰਪਰਸਨ ਰੇਣੂ ਭਾਟੀਆ ਹਸਪਤਾਲ ਪਹੁੰਚੀ ਸੀ। ਉਹ ਇੱਕ 15 ਸਾਲਾ ਲੜਕੀ ਨਾਲ ਜੁੜੇ ਜਬਰ-ਜ਼ਨਾਹ ਮਾਮਲੇ ਵਿੱਚ ਹਸਪਤਾਲ ਦਾ ਨਿਰੀਖਣ ਕਰਨ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਪੀੜਤਾ ਅਤੇ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ।
ਨਿਰੀਖਣ ਦੌਰਾਨ ਚੇਅਰਪਰਸਨ ਨੇ ਹਸਪਤਾਲ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਅਤੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਸਾਰਾਹ ਅਗਰਵਾਲ ਅਤੇ ਤਿੰਨ ਨਰਸਿੰਗ ਅਫ਼ਸਰਾਂ ਨੂੰ ਮੁਅੱਤਲ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਣ ਦੀ ਗੱਲ ਕਹੀ। ਉਨ੍ਹਾਂ ਨਰਸਿੰਗ ਸਟਾਫ ‘ਤੇ ਦੋਸ਼ੀ ਨਾਲ ਮਿਲੀਭੁਗਤ ਦੇ ਇਲਜ਼ਾਮ ਵੀ ਲਗਾਏ ਸਨ।
ਨਰਸਿੰਗ ਸਟਾਫ ਦਾ ਕਹਿਣਾ ਹੈ ਕਿ ਬਿਨਾਂ ਜਾਂਚ ਪੂਰੇ ਕੈਡਰ ‘ਤੇ ਸਵਾਲ ਉਠਾਉਣਾ ਠੀਕ ਨਹੀਂ ਹੈ। ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਵੀ ਅਜਿਹੀਆਂ ਟਿੱਪਣੀਆਂ ਸੁਣਨ ਨੂੰ ਮਿਲ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਮੰਗ ਪੱਤਰ ਸੌਂਪਿਆ, ਵੱਡੇ ਅੰਦੋਲਨ ਦੀ ਚੇਤਾਵਨੀ
ਪ੍ਰਦਰਸ਼ਨ ਕਰ ਰਹੇ ਨਰਸਿੰਗ ਅਫ਼ਸਰਾਂ ਨੇ ਜ਼ਿਲ੍ਹਾ ਸਿਵਲ ਸਰਜਨ (CMO) ਡਾ. ਸੁਖਬੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਰੇਣੂ ਭਾਟੀਆ ਖੁਦ ਹਸਪਤਾਲ ਆ ਕੇ ਨਰਸਿੰਗ ਸਟਾਫ ਤੋਂ ਮਾਫ਼ੀ ਮੰਗਣ। ਨਹੀਂ ਤਾਂ ਸੰਘਰਸ਼ ਨੂੰ ਸੂਬਾ ਪੱਧਰ ਤੱਕ ਲਿਜਾਇਆ ਜਾਵੇਗਾ।
ਪ੍ਰਦਰਸ਼ਨ ਦੌਰਾਨ ਸੀਨੀਅਰ ਨਰਸਿੰਗ ਅਫ਼ਸਰ ਗੁਰਮੀਤ ਕੌਰ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਨਰਸਾਂ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰਦੀਆਂ ਹਨ ਅਤੇ ਕਈ ਵਾਰ ਇੱਕ ਨਰਸਿੰਗ ਅਫ਼ਸਰ ਨੂੰ 70 ਤੋਂ 80 ਮਰੀਜ਼ਾਂ ਦੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਕਰਕੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ।
ਪ੍ਰਦਰਸ਼ਨ ਦੀ ਸੂਚਨਾ ਮਿਲਣ ‘ਤੇ PMO ਡਾ. ਸਾਰਾਹ ਅਗਰਵਾਲ ਅਤੇ CMO ਡਾ. ਸੁਖਬੀਰ ਸਿੰਘ ਮੌਕੇ ‘ਤੇ ਪਹੁੰਚੇ। ਉਨ੍ਹਾਂ ਨਰਸਿੰਗ ਸਟਾਫ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਅਤੇ ਭਾਵਨਾਵਾਂ ਮਹਿਲਾ ਆਯੋਗ ਦੀ ਚੇਅਰਪਰਸਨ ਤੱਕ ਪਹੁੰਚਾਈਆਂ ਜਾਣਗੀਆਂ। ਇਸ ਭਰੋਸੇ ਤੋਂ ਬਾਅਦ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ, ਪਰ ਨਰਸਾਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਇੱਜ਼ਤ ਨਾਲ ਕੋਈ ਸਮਝੌਤਾ ਨਹੀਂ ਕਰਨਗੀਆਂ ਅਤੇ ਜੇ ਜਲਦੀ ਹੱਲ ਨਾ ਨਿਕਲਿਆ ਤਾਂ ਸੂਬਾ ਪੱਧਰ ‘ਤੇ ਵੱਡੇ ਅੰਦੋਲਨ ਬਾਰੇ ਵਿਚਾਰ ਕੀਤਾ ਜਾਵੇਗਾ।

