ਅਮਰੀਕਾ ਦੇ ਸਟੋਰਾਂ ‘ਚ ਭਾਰਤੀ ਅੰਬਾਂ ਦੀ ਪਈ ਲੁੱਟ, 2 ਘੰਟਿਆਂ ‘ਚ ਵਿਕਿਆ ਸਾਰਾ ਸਟਾਕ

Global Team
3 Min Read

ਸਿਆਟਲ: ਭਾਰਤੀ ਅੰਬਾਂ ਦਾ ਸਵਾਦ ਹੁਣ ਅਮਰੀਕਾ ਵਿੱਚ ਵੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸਿਆਟਲ ਵਿੱਚ ਭਾਰਤੀ ਵਾਣਜ ਦੂਤਾਵਾਸ ਵੱਲੋਂ ਕਰਵਾਏ ਗਏ ‘ਮੈਂਗੋ ਮੈਜਿਕ’ ਪ੍ਰੋਗਰਾਮ ਦੌਰਾਨ ਭਾਰਤੀ ਅੰਬਾਂ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੀ। ਇੱਥੇ ਨਾ ਸਿਰਫ਼ ਆਮ ਗਾਹਕਾਂ ਨੇ, ਸਗੋਂ ਵੱਡੀਆਂ ਰਿਟੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਵੀ ਭਾਰਤੀ ਅੰਬਾਂ ਦੇ ਸਵਾਦ ਦੀ ਤਾਰੀਫ਼ ਕੀਤੀ।

ਪ੍ਰੋਗਰਾਮ ਵਿੱਚ ਭਾਰਤ ਦੀਆਂ ਸੱਤ ਪ੍ਰੀਮੀਅਮ ਅੰਬ ਕਿਸਮਾਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਮਹਾਰਾਸ਼ਟਰ ਦੇ ਅਲਫਾਂਸੋ ਅਤੇ ਕੇਸਰ, ਆਂਧਰਾ ਪ੍ਰਦੇਸ਼ ਦੇ ਬੰਗਨਪੱਲੀ ਅਤੇ ਹਿਮਾਇਤ, ਉੱਤਰ ਪ੍ਰਦੇਸ਼ ਦੇ ਦਸ਼ਹਿਰੀ ਅਤੇ ਲੰਗੜਾ ਅਤੇ ਗੁਜਰਾਤ ਦਾ ਰਾਜਾਪੁਰੀ ਅੰਬ ਸ਼ਾਮਲ ਸੀ। ਮੌਜੂਦ ਮਹਿਮਾਨਾਂ ਨੇ ਅੰਬਾਂ ਦਾ ਸਵਾਦ ਚੱਖਣ ਦੇ ਨਾਲ-ਨਾਲ ਅੰਬਾਂ ਤੋਂ ਤਿਆਰ ਕੀਤੇ ਖਾਸ ਭਾਰਤੀ ਪਕਵਾਨਾਂ ਦਾ ਵੀ ਆਨੰਦ ਮਾਣਿਆ।

ਕਾਸਟਕੋ ਦੇ ਸਟੋਰਾਂ ਵਿੱਚ ਮਚੀ ਅੰਬਾਂ ਦੀ ਲੁੱਟ 

ਅਮਰੀਕਾ ਦੀ ਮਸ਼ਹੂਰ ਰਿਟੇਲ ਕੰਪਨੀ ਕਾਸਟਕੋ ਨੇ ਹਾਲ ਹੀ ਵਿੱਚ ਭਾਰਤੀ ਕੇਸਰ ਅੰਬਾਂ ਦੀ ਵਿਕਰੀ ਸ਼ੁਰੂ ਕੀਤੀ ਸੀ। ਕੰਪਨੀ ਦੇ ਅਧਿਕਾਰੀਆਂ ਅਨੁਸਾਰ ਅੰਬਾਂ ਦੀ ਮੰਗ ਇੰਨੀ ਜ਼ਿਆਦਾ ਸੀ ਕਿ ਸਟੋਰਾਂ ਵਿੱਚ ਪਹੁੰਚਿਆ ਸਾਰਾ ਸਟਾਕ ਸਿਰਫ਼ ਦੋ ਘੰਟਿਆਂ ਦੇ ਅੰਦਰ ਹੀ ਵਿਕ ਗਿਆ। ਇਹ ਅੰਬ ਸਿਆਟਲ, ਲਾਸ ਵੇਗਾਸ, ਨਿਊ ਜਰਸੀ ਅਤੇ ਲਾਸ ਐਂਜਲਸ ਵਰਗੇ ਵੱਡੇ ਸ਼ਹਿਰਾਂ ਵਿੱਚ ਭੇਜੇ ਗਏ ਸਨ।

ਵਾਸ਼ਿੰਗਟਨ ਰਾਜ ਦੇ ਉਪ-ਰਾਜਪਾਲ ਡੈਨੀ ਹੇਕ ਨੇ ਵੀ ਭਾਰਤੀ ਅੰਬਾਂ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਉਹ ਅੰਬਾਂ ਦੇ ਆਉਣ ਦਾ ਪਹਿਲਾ ਦਿਨ ਕਦੇ ਨਹੀਂ ਛੱਡਣਗੇ। ਕਾਸਟਕੋ ਦੇ ਫ੍ਰੈਸ਼ ਪ੍ਰੋਡਿਊਸ ਵਿਭਾਗ ਦੇ ਉਪ ਪ੍ਰਧਾਨ ਬੌਬ ਹਸਕੀ ਨੇ ਕਿਹਾ ਕਿ ਕੰਪਨੀ ਨੂੰ ਭਾਰਤੀ ਅੰਬ ਵੇਚ ਕੇ ਬਹੁਤ ਖੁਸ਼ੀ ਹੋ ਰਹੀ ਹੈ।

ਕਿਸਾਨਾਂ ਅਤੇ ਨਿਰਯਾਤਕਾਂ ਲਈ ਵੱਡਾ ਮੌਕਾ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅੰਬ ਉਤਪਾਦਕ ਦੇਸ਼ ਹੈ। ਦੇਸ਼ ਵਿੱਚ ਹਰ ਸਾਲ 2.6 ਕਰੋੜ ਮੀਟ੍ਰਿਕ ਟਨ ਤੋਂ ਵੱਧ ਅੰਬਾਂ ਦਾ ਉਤਪਾਦਨ ਹੁੰਦਾ ਹੈ ਅਤੇ 1000 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ। ਅਮਰੀਕਾ ਵਿੱਚ ਭਾਰਤੀ ਅੰਬਾਂ ਦਾ ਨਿਰਯਾਤ 2007 ਵਿੱਚ ਮੁੜ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।

ਵਿੱਤੀ ਸਾਲ 2023-24 ਦੌਰਾਨ ਅਮਰੀਕਾ ਨੂੰ ਭਾਰਤੀ ਅੰਬਾਂ ਦਾ ਨਿਰਯਾਤ 1 ਕਰੋੜ ਡਾਲਰ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਦੇ ਮੁਕਾਬਲੇ 130 ਫੀਸਦੀ ਵੱਧ ਸੀ। ਵਧਦੀ ਮੰਗ ਇਹ ਸੰਕੇਤ ਦਿੰਦੀ ਹੈ ਕਿ ਭਾਰਤੀ ਅੰਬ ਹੁਣ ਵਿਸ਼ਵ ਬਾਜ਼ਾਰ ਵਿੱਚ ਮਜ਼ਬੂਤ ਪਛਾਣ ਬਣਾ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਨਿਰਯਾਤ ਅਤੇ ਸਪਲਾਈ ਚੇਨ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਭਾਰਤੀ ਅੰਬ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਹੋਰ ਵੱਡੀ ਹਿੱਸੇਦਾਰੀ ਹਾਸਲ ਕਰ ਸਕਦੇ ਹਨ। ਇਸ ਨਾਲ ਕਿਸਾਨਾਂ, ਨਿਰਯਾਤਕਾਂ ਅਤੇ ਖੇਤੀਬਾੜੀ ਖੇਤਰ ਨੂੰ ਵੀ ਵੱਡਾ ਲਾਭ ਮਿਲਣ ਦੀ ਉਮੀਦ ਹੈ।

Share This Article
Leave a Comment