CBSE 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ! ਵੈਰੀਫਿਕੇਸ਼ਨ ਅਤੇ ਰੀ-ਇਵੈਲਯੂਏਸ਼ਨ ਦੀ ਡੈੱਡਲਾਈਨ ਵਧੀ

Global Team
3 Min Read

ਨਵੀ ਦਿੱਲੀ : ਸੀ.ਬੀ.ਐੱਸ.ਈ (CBSE) ਨੇ 12ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦੀ ਵੈਰੀਫਿਕੇਸ਼ਨ ਅਤੇ ਰੀ-ਇਵੈਲਯੂਏਸ਼ਨ ਲਈ ਅਪਲਾਈ ਕਰਨ ਦੀ ਤਾਰੀਖ਼ ਵਧਾ ਦਿੱਤੀ ਹੈ। ਸੀ.ਬੀ.ਐੱਸ.ਈ. ਮੁਤਾਬਕ ਵਿਦਿਆਰਥੀ ਹੁਣ 7 ਜੂਨ ਤੱਕ ਅਪਲਾਈ ਕਰ ਸਕਣਗੇ। ਸੀ.ਬੀ.ਐੱਸ.ਈ. ਨੇ ‘X’ ‘ਤੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਸਿੱਖਿਆ ਬੋਰਡ ਨੇ ‘X’ ‘ਤੇ ਲਿਖਿਆ, “ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ, CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਵੈਰੀਫਿਕੇਸ਼ਨ ਅਤੇ ਰੀ-ਇਵੈਲਯੂਏਸ਼ਨ ਲਈ ਐਪਲੀਕੇਸ਼ਨ ਜਮ੍ਹਾ ਕਰਵਾਉਣ ਦੀ ਆਖਰੀ ਤਾਰੀਖ਼ ਵਧਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਇਹ ਪ੍ਰਕਿਰਿਆ ਪੂਰੀ ਕਰਨ ਲਈ ਵਾਧੂ ਸਮਾਂ ਅਤੇ ਮਦਦ ਮਿਲ ਸਕੇ।” ਪਹਿਲਾਂ ਇਸ ਦੀ ਆਖਰੀ ਤਾਰੀਖ਼ 6 ਜੂਨ (ਅੱਧੀ ਰਾਤ) ਤੱਕ ਸੀ, ਜਿਸ ਨੂੰ ਹੁਣ ਵਧਾ ਕੇ 7 ਜੂਨ (ਅੱਧੀ ਰਾਤ) ਤੱਕ ਕਰ ਦਿੱਤਾ ਗਿਆ ਹੈ। ਬੋਰਡ ਦੇ ਮੁਤਾਬਕ, ਇਹ ਫੈਸਲਾ ਵਿਦਿਆਰਥੀਆਂ ਨੂੰ ਵਧੇਰੇ ਸਮਾਂ ਦੇਣ ਅਤੇ ਪੋਰਟਲ ‘ਤੇ ਆ ਰਹੀਆਂ ਤਕਨੀਕੀ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਰੀ-ਇਵੈਲਯੂਏਸ਼ਨ (ਮੁੜ-ਮੁਲਾਂਕਣ) ਲਈ ਹਰੇਕ ਸਵਾਲ ਦੇ 25 ਰੁਪਏ ਦੇਣੇ ਹੋਣਗੇ। ਉੱਥੇ ਹੀ ਵੈਰੀਫਿਕੇਸ਼ਨ ਲਈ 100 ਰੁਪਏ ਪ੍ਰਤੀ ਵਿਸ਼ਾ ਦੇਣੇ ਹੋਣਗੇ। ਵੈਰੀਫਿਕੇਸ਼ਨ ਦਾ ਮਤਲਬ ਹੈ ਉੱਤਰ-ਪੱਤਰੀ (ਆਂਸਰ ਸ਼ੀਟ) ਦੇਖਣਾ ਅਤੇ ਕੁੱਲ ਅੰਕਾਂ (ਟੋਟਲਿੰਗ) ਦੀ ਜਾਂਚ ਕਰਵਾਉਣਾ। ਜੇਕਰ ਮੁੜ-ਮੁਲਾਂਕਣ ਤੋਂ ਬਾਅਦ ਵਿਦਿਆਰਥੀ ਦੇ ਅੰਕ ਵਧਦੇ ਹਨ, ਤਾਂ ਬੋਰਡ ਫੀਸ ਵਾਪਸ ਕਰ ਦੇਵੇਗਾ।

ਦੱਸ ਦਈਏ ਕਿ CBSE ਨੇ 2 ਜੂਨ ਨੂੰ ਪੋਸਟ-ਰਿਜ਼ਲਟ ਸਮੱਸਿਆਵਾਂ ਲਈ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਉੱਤਰ-ਪੱਤਰੀਆਂ ਦੇਖਣ ਅਤੇ ਵੈਰੀਫਿਕੇਸ਼ਨ ਜਾਂ ਰੀ-ਇਵੈਲਯੂਏਸ਼ਨ ਲਈ ਅਪਲਾਈ ਕਰਨ ਦੌਰਾਨ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣ ਦੀ ਸ਼ਿਕਾਇਤ ਕੀਤੀ ਸੀ।

ਦੂਜੇ ਪਾਸੇ, ਬੋਰਡ ਨੇ ਪੋਰਟਲ ‘ਤੇ ਹੋਏ ਸਾਈਬਰ ਹਮਲਿਆਂ ਦੇ ਮਾਮਲੇ ਵਿੱਚ FIR ਦਰਜ ਕਰਵਾਈ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੋਰਡ ਅਨੁਸਾਰ, 2 ਜੂਨ ਤੋਂ ਸ਼ੁਰੂ ਹੋਏ ਪੋਸਟ-ਰਿਜ਼ਲਟ ਸਰਵਿਸਿਜ਼ ਪੋਰਟਲ ‘ਤੇ ਪਿਛਲੇ ਤਿੰਨ ਦਿਨਾਂ ਵਿੱਚ ਲਗਾਤਾਰ ਸਾਈਬਰ ਹਮਲੇ ਕੀਤੇ ਗਏ, ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਨਾਕਾਮ ਕਰ ਦਿੱਤਾ ਗਿਆ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment