ਨਵੀ ਦਿੱਲੀ : ਰਾਜਧਾਨੀ ਦਿੱਲੀ ਦੇ ਮਾਲਵੀਆ ਨਗਰ ਅਗਨੀਕਾਂਡ ਮਾਮਲੇ ਵਿੱਚ 21 ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਮ੍ਰਿਤਕਾਂ ਵਿੱਚ 11 ਵਿਦੇਸ਼ੀ ਅਤੇ 10 ਭਾਰਤੀ ਹਨ। ਵਿਦੇਸ਼ੀਆਂ ਵਿੱਚ 9 ਅਫ਼ਰੀਕੀ ਦੇਸ਼ਾਂ ਦੇ ਅਤੇ 2 ਤੁਰਕਮੇਨਿਸਤਾਨ ਦੇ ਨਾਗਰਿਕ ਹਨ। ਲਾਸ਼ਾਂ ਦੀ ਪਛਾਣ ਲਈ ਡੀਐਨਏ ਟੈਸਟ ਕੀਤਾ ਜਾਵੇਗਾ।
ਦੱਸ ਦਈਏ ਕਿ ਹਾਦਸੇ ਤੋਂ ਬਾਅਦ ਫ਼ਰਾਰ ਚੱਲ ਰਹੇ ਹੋਟਲ ਮਾਲਕ ਲਵਕੇਸ਼ ਬਜਾਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਲਵਕੇਸ਼ ਅਤੇ ਹੋਰਾਂ ਖ਼ਿਲਾਫ਼ ਗ਼ੈਰ-ਇਰਾਦਤਨ ਕਤਲ (ਦੋਸ਼ਪੂਰਨ ਮਨੁੱਖੀ ਹੱਤਿਆ) ਦਾ ਕੇਸ ਦਰਜ ਕਰ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਲਵਕੇਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੂੰ ਅਜਿਹੀ ਸਥਿਤੀ ਦਾ ਅੰਦਾਜ਼ਾ ਨਹੀਂ ਸੀ।
ਅਗਨਕਾਂਡ ਤੋਂ ਬਾਅਦ ਤੋਂ ਹੀ ਲਵਕੇਸ਼ ਬਜਾਜ ਫ਼ਰਾਰ ਦੱਸਿਆ ਜਾ ਰਿਹਾ ਸੀ, ਪਰ ਪੁਲਿਸ ਨੇ ਲਗਾਤਾਰ ਛਾਪੇਮਾਰੀ ਕਰਦੇ ਹੋਏ ਅਖ਼ੀਰਕਾਰ ਉਸ ਨੂੰ ਫੜ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਲਵੀਆ ਨਗਰ ਅਗਨਕਾਂਡ ਤੋਂ ਬਾਅਦ ਇਲਾਕੇ ਵਿੱਚ ਚੱਲ ਰਹੇ ਗ਼ੈਰ-ਕਾਨੂੰਨੀ ਹੋਟਲ ਅਤੇ ਗੈਸਟ ਹਾਊਸ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਿਸ ਉਸਦੀ ਭਾਲ ਵਿੱਚ ਉਸਦੇ ਸਾਕ਼ੇਤ ਸਥਿਤ ਘਰ ਪਹੁੰਚੀ ਸੀ, ਪਰ ਉਹ ਉੱਥੇ ਨਹੀਂ ਮਿਲਿਆ ਸੀ।ਰਿਪੋਰਟਾਂ ਮੁਤਾਬਕ, ਲਵਕੇਸ਼ ਬਜਾਜ ਦਾ ਆਲੀਸ਼ਾਨ ਮਕਾਨ ਦੱਖਣੀ ਦਿੱਲੀ ਦੇ ਸਾਕ਼ੇਤ ਇਲਾਕੇ ਵਿੱਚ ਡੀ-140 ਪਤੇ ‘ਤੇ ਸਥਿਤ ਹੈ। ਕਰੀਬ 500 ਗਜ਼ ਵਿੱਚ ਬਣੇ ਇਸ ਵੱਡੇ ਮਕਾਨ ਵਿੱਚ ਉਸਦਾ ਪੂਰਾ ਪਰਿਵਾਰ ਰਹਿੰਦਾ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਵਕੇਸ਼ ਬਜਾਜ ਜਿਸ ਇਮਾਰਤ ਵਿੱਚ ਹੋਟਲ ਚਲਾ ਰਿਹਾ ਸੀ, ਉਸਦੇ ਲਈ ਉਸ ਕੋਲ ਸਿਰਫ਼ 6 ਕਮਰਿਆਂ ਵਾਲੇ ‘ਬੈੱਡ ਐਂਡ ਬ੍ਰੇਕਫਾਸਟ’ ਮਾਡਲ ਦਾ ਲਾਇਸੈਂਸ ਸੀ। ਦੋਸ਼ ਹੈ ਕਿ ਇਸਦੇ ਬਾਵਜੂਦ ਉਸਨੇ ਇਮਾਰਤ ਵਿੱਚ 5 ਮੰਜ਼ਿਲਾਂ ‘ਤੇ ਕਰੀਬ 25 ਕਮਰਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ।
ਜਾਂਚ ਮੁਤਾਬਕ, ਬੇਸਮੈਂਟ, ਗਰਾਊਂਡ ਫਲੋਰ ਅਤੇ ਉੱਪਰਲੀਆਂ ਮੰਜ਼ਿਲਾਂ ‘ਤੇ ਵੀ ਮਹਿਮਾਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ। ਦੋਸ਼ ਹੈ ਕਿ ਇਮਾਰਤ ਵਿੱਚ ਸੁਰੱਖਿਆ ਅਤੇ ਵੈਂਟੀਲੇਸ਼ਨ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਸੀ। ਅਜਿਹੀ ਸਥਿਤੀ ਵਿੱਚ, ਨਿਯਮਾਂ ਦੀ ਅਣਦੇਖੀ ਕਰਦੇ ਹੋਏ ਹੋਟਲ ਚਲਾਇਆ ਜਾ ਰਿਹਾ ਸੀ। ਖਿੜਕੀਆਂ ਬੰਦ ਸਨ। ਵੈਂਟੀਲੇਸ਼ਨ ਨਾ ਹੋਣ ਕਾਰਨ ਅਜਿਹੀਆਂ ਇਮਾਰਤਾਂ ‘ਚਿਮਨੀ’ ਵਰਗੀਆਂ ਬਣ ਜਾਂਦੀਆਂ ਹਨ, ਜਿੱਥੇ ਧੂੰਆਂ ਅਤੇ ਗਰਮੀ ਕੁਝ ਹੀ ਸੈਕੰਡਾਂ ਵਿੱਚ ਉੱਪਰ ਪਹੁੰਚ ਜਾਂਦੀ ਹੈ।

