ਕਰਾਚੀ: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ ‘ਚ ਪਿਛਲੇ ਹਫਤੇ ਇਕ ਸ਼ਟਲ ਟਰੇਨ ‘ਤੇ ਹੋਏ ਬੰਬ ਹਮਲੇ ‘ਚ ਸ਼ਾਮਿਲ 17 ਅੱਤਵਾਦੀਆਂ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ। ਦੱਸ ਦੇਈਏ ਕਿ 24 ਮਈ ਨੂੰ ਕਵੇਟਾ ਦੇ ਇੱਕ ਸਟੇਸ਼ਨ ਨੇੜੇ ਇੱਕ ਸ਼ਟਲ ਟਰੇਨ ‘ਤੇ ਹੋਏ ਸ਼ੱਕੀ ਆਤਮਘਾਤੀ ਹਮਲੇ ਵਿੱਚ ਤਿੰਨ ਸੁਰੱਖਿਆ ਕਰਮਚਾਰੀਆਂ ਸਮੇਤ ਘੱਟੋ-ਘੱਟ 16 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋ ਗਏ ਸਨ। ਪਾਕਿਸਤਾਨੀ ਫੌਜ ਦੇ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਅਨੁਸਾਰ ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਦੇ ਵੱਖ-ਵੱਖ ਜ਼ਿਲਿਆਂ ‘ਚ ਕਈ ਖੁਫੀਆ ਆਧਾਰਿਤ ਆਪਰੇਸ਼ਨ (ਆਈਬੀਓ) ਕੀਤੇ, ਜਿਸ ‘ਚ 17 ਅੱਤਵਾਦੀ ਮਾਰੇ ਗਏ।
ਆਈਐਸਪੀਆਰ ਦੇ ਬਿਆਨ ਅਨੁਸਾਰ, ਸੁਰੱਖਿਆ ਬਲਾਂ ਨੇ ਮਸਤੁੰਗ, ਨੁਸ਼ਕੀ, ਜ਼ਹਾਰੀ, ਖੁਜ਼ਦਾਰ ਅਤੇ ਕੇਚ ਵਿੱਚ ਚਲਾਏ ਗਏ ਅਪਰੇਸ਼ਨਾਂ ਦੌਰਾਨ ਕਈ ਅੱਤਵਾਦੀ ਟਿਕਾਣਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਇਆ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਵਿਚੋਂ 17 ਫਿਤਨਾ-ਅਲ-ਹਿੰਦੋਸਤਾਨ ਨਾਲ ਜੁੜੇ ਅੱਤਵਾਦੀਆਂ ਨਾਲ ਭਿਆਨਕ ਗੋਲੀਬਾਰੀ ਵਿਚ ਮਾਰੇ ਗਏ ਸਨ। ਆਈਐਸਪੀਆਰ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਤੋਂ ਹਥਿਆਰ, ਗੋਲਾ ਬਾਰੂਦ, ਭਾਰੀ ਮਾਤਰਾ ਵਿੱਚ ਵਿਸਫੋਟਕ ਅਤੇ ਆਈਈਡੀਜ਼ ਬਰਾਮਦ ਕੀਤੇ ਹਨ। ਮਾਰੇ ਗਏ ਅੱਤਵਾਦੀ ਇਲਾਕੇ ‘ਚ ਕਈ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਿਲ ਸਨ। ਆਈਐਸਪੀਆਰ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਬਾਕੀ ਬਚੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਵਿੱਚ ਮਈ 2026 ਦੇ ਆਖ਼ਰੀ ਹਫ਼ਤੇ ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਰੇਲ ਗੱਡੀਆਂ ਅਤੇ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕਵੇਟਾ ਵਿੱਚ ਚਮਨ ਫਾਟਕ ਨੇੜੇ ਇੱਕ ਫੌਜੀ ਰੇਲ ਗੱਡੀ ਅਤੇ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਧਮਾਕੇ ਨਾਲ ਉਡਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ।ਇਸ ਹਾਦਸੇ ‘ਚ ਕਈ ਸੁਰੱਖਿਆ ਕਰਮੀਆਂ ਅਤੇ ਯਾਤਰੀਆਂ ਦੀ ਜਾਨ ਚਲੀ ਗਈ ਸੀ ਅਤੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ‘ਬਲੋਚ ਲਿਬਰੇਸ਼ਨ ਆਰਮੀ’ (ਬੀ. ਐੱਲ. ਏ.) ਨੇ ਲਈ ਸੀ।

