ਅਮਰੀਕਾ ਵਿੱਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ, ਜਲਦ ਹੋਣਗੇ Deport

Global Team
3 Min Read

ਵਾਸ਼ਿੰਗਟਨ : ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਅਤੇ ਵਪਾਰਕ (ਕਮਰਸ਼ੀਅਲ) ਟਰੱਕ ਚਲਾਉਣ ਵਾਲੇ ਲਗਭਗ 30 ਭਾਰਤੀਆਂ ਨੂੰ ਇੱਕ ਸੰਘੀ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਜਲਦੀ ਹੀ ਡੀਪੋਰਟ ਕੀਤਾ ਜਾਵੇਗਾ।

ਇਨ੍ਹਾਂ ਨੂੰ ਇੱਕ ਸੰਘੀ (ਫ਼ੈਡਰਲ) ਮੁਹਿੰਮ ਚਲਾ ਕੇ ਫੜਿਆ ਗਿਆ ਹੈ। ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ 11 ਤੋਂ 15 ਮਈ ਦਰਮਿਆਨ ਐਰੀਜ਼ੋਨਾ ਦੇ ਯੂਮਾ ਸੈਕਟਰ ਦੇ ਬਾਰਡਰ ਪੈਟਰੋਲ ਏਜੰਟਾਂ ਨੇ “ਆਪ੍ਰੇਸ਼ਨ ਚੈਕਮੇਟ” ਦੌਰਾਨ 52 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸਨ। ਇਨ੍ਹਾਂ ਵਿੱਚੋਂ 36 ਲੋਕ ਸੈਮੀ-ਟਰੱਕ ਚਲਾ ਰਹੇ ਸਨ।

ਗ੍ਰਿਫ਼ਤਾਰ ਕੀਤੇ ਗਏ 36 ਗ਼ੈਰ-ਕਾਨੂੰਨੀ ਟਰੱਕ ਡਰਾਈਵਰਾਂ ਵਿੱਚੋਂ 30 ਭਾਰਤੀ ਨਾਗਰਿਕ ਸਨ। ਇਸ ਤੋਂ ਇਲਾਵਾ ਮੈਕਸੀਕੋ, ਅਲ ਸਲਵਾਡੋਰ ਅਤੇ ਰੂਸ ਦੇ ਛੇ ਨਾਗਰਿਕ ਵੀ ਸ਼ਾਮਲ ਸਨ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਲੋਕਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਸੂਬਿਆਂ ਤੋਂ ਜਾਰੀ ਕੀਤੇ ਗਏ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਨ, ਜਦਕਿ ਕੁਝ ਕੋਲ ਕਿਸੇ ਵੀ ਤਰ੍ਹਾਂ ਦਾ ਡਰਾਈਵਿੰਗ ਲਾਇਸੈਂਸ ਨਹੀਂ ਸੀ।

ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕਾਂ ਕੋਲ ਰੁਜ਼ਗਾਰ ਅਥਾਰਟੀ ਦਸਤਾਵੇਜ਼ (ਵਰਕ ਪਰਮਿਟ) ਸਨ, ਜੋ ਸਾਬਕਾ ਰਾਸ਼ਟਰਪਤੀ ਜੋ ਬਾਈਡੇਨ ਦੇ ਕਾਰਜਕਾਲ ਦੌਰਾਨ ਹਾਸਲ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਸੀ.ਬੀ.ਪੀ. ਨੇ ਕਿਹਾ ਕਿ ਸਾਰੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਸੰਘੀ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਿਆ ਜਾਵੇਗਾ।

ਏਜੰਸੀ ਨੇ ਕਿਹਾ ਕਿ ‘ਆਪ੍ਰੇਸ਼ਨ ਚੈਕਮੇਟ’ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਦੇ ਹੋਏ ਦੇਸ਼ ਵਿੱਚ ਵਪਾਰਕ ਮੋਟਰ ਵਾਹਨ ਚਲਾ ਰਹੇ ਗ਼ੈਰ-ਕਾਨੂੰਨੀ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਅਤੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।

ਅਮਰੀਕੀ ਸੀਮਾ ਗਸ਼ਤ ਫ਼ੋਰਸ ਦੇ ਯੂਮਾ ਸੈਕਟਰ ਦੇ ਕਾਰਜਕਾਰੀ ਮੁੱਖ ਏਜੰਟ ਡਸਟਿਨ ਕੌਡਲ ਨੇ ਕਿਹਾ, “‘ਆਪ੍ਰੇਸ਼ਨ ਚੈਕਮੇਟ’ ਸਾਡੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਤਹਿਤ ਅਸੀਂ ਭਾਈਚਾਰਿਆਂ ਅਤੇ ਸੜਕਾਂ ਨੂੰ ਅਜਿਹੇ ਗ਼ੈਰ-ਕਾਨੂੰਨੀ ਡਰਾਈਵਰਾਂ ਤੋਂ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ, ਜੋ ਜਨਤਕ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ।”

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment