ਚੰਡੀਗੜ੍ਹ: ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਸਮਾਣਾ ਨਗਰ ਕੌਂਸਲ ਵਿੱਚ ਗਿਣਤੀ ਲਗਭਗ 35 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ।ਚੋਣਾਂ ਲਈ 26 ਮਈ ਨੂੰ ਵੋਟਿੰਗ ਹੋਈ ਸੀ।
ਜੰਡਿਆਲਾ ਗੁਰੂ ਦੀਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਦੀਆਂ 15 ਸੀਟਾਂ ਵਿੱਚੋਂ 13 ਉੱਪਰ ਜਿੱਤ ਹਾਸਲ ਕੀਤੀ, ਜਦਕਿ ਇੱਕ ਸੀਟ ਉੱਤੇ ਕਾਂਗਰਸ ਅਤੇ ਇੱਕ ਸੀਟ ਅਕਾਲੀ ਦਲ ਦੇ ਹਿੱਸੇ ਆਈ ਹੈ।-ਪੱਤਰ ਪ੍ਰੇਰਕ
ਸਮਾਣਾ ਨਗਰ ਕੌਂਸਲ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰਦਿਆਂ 21 ਸੀਟਾਂ ਵਿੱਚੋਂ 13 ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ। ਜਿਸ ਨਾਲ ਨਗਰ ਕੌਂਸਲ ਦੀ ਕਮਾਨ ‘ਆਪ’ ਦੇ ਹੱਥ ਵਿੱਚ ਰਹਿਣ ਦਾ ਰਸਤਾ ਸਾਫ ਹੋ ਗਿਆ ਹੈ। ਚੋਣਾਂ ਵਿੱਚ ਅਕਾਲੀ ਦਲ ਨੂੰ 3, ਭਾਜਪਾ ਅਤੇ ਕਾਂਗਰਸ ਨੂੰ 2-2 ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਦੀ ਝੋਲੀ ਵਿੱਚ ਪਈ।-ਅਸ਼ਵਨੀ ਗਰਗ
ਨਾਭਾ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ 23 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 11 ਸੀਟਾਂ ਮਿਲੀਆਂ। ਉੱਥੇ ਹੀ ਕਾਂਗਰਸ ਨੂੰ 5 ਵਾਰਡਾਂ ਵਿੱਚ ਜਿੱਤ ਹਾਸਲ ਹੋਈ, ਜਦਕਿ ਭਾਜਪਾ 3 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 2 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਇਸ ਦੌਰਾਨ 2 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ।- ਮੋਹਿਤ ਸਿੰਗਲਾ
ਡੇਰਾਬੱਸੀ ਵਿੱਚ ਅੱਜ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਚੜ੍ਹਤ ਰਹੀ। ਡੇਰਾਬੱਸੀ ਦੇ ਕੁੱਲ 19 ਵਾਰਡਾਂ ਵਿੱਚੋਂ 12 ਵਾਰਡਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਈ ਹੈ, ਜਦਕਿ ਤਿੰਨ ਵਾਰਡਾਂ ‘ਤੇ ਅਕਾਲੀ ਦਲ, ਦੋ ‘ਤੇ ਕਾਂਗਰਸ ਅਤੇ ਦੋ ‘ਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ। ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਆਸ਼ੂ ਉਪਨੇਜਾ ਅਤੇ ਉਨ੍ਹਾਂ ਦੇ ਪਤੀ ਨਰੇਸ਼ ਉਪਨੇਜਾ, ਦੋਵਾਂ ਦੀ ਆਪਣੇ-ਆਪਣੇ ਵਾਰਡਾਂ ‘ਚ ਜਿੱਤ ਹੋਈ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸੈਣੀ ਨੇ ਅਕਾਲੀ ਦਲ ਵੱਲੋਂ ਚੋਣ ਲੜਦੇ ਹੋਏ ਸਭ ਤੋਂ ਵੱਧ, ਕਰੀਬ 743 ਵੋਟਾਂ ਦੀ ਲੀਡ ਹਾਸਲ ਕਰਕੇ ਚੋਣ ਜਿੱਤੀ ਹੈ। ਦੂਜੇ ਪਾਸੇ, ਭਾਜਪਾ ਦੇ ਮੁਕੇਸ਼ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਜਯੋਤੀ ਗਾਂਧੀ ਦੋਵੇਂ ਆਪਣੀ ਚੋਣ ਹਾਰ ਗਏ ਹਨ।-ਹਰਜੀਤ ਸਿੰਘ
ਆਦਮਪੁਰ ਨਗਰ ਕੌਂਸਲ ਦੀਆਂ ਆਮ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੌਂਸਲ ’ਤੇ ਸ਼ਾਨਦਾਰ ਕਬਜ਼ਾ ਕਰ ਲਿਆ ਹੈ। ਕੁੱਲ 13 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ‘ਆਪ’ ਨੇ 10 ਸੀਟਾਂ ’ਤੇ ਹੂੰਝਾਫੇਰ ਜਿੱਤ ਦਰਜ ਕਰਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ, ਜਦੋਂਕਿ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਸਮਰਥਨ ਵਾਲੇ 3 ਆਜ਼ਾਦ ਉਮੀਦਵਾਰ ਹੀ ਜਿੱਤ ਸਕਣਗੇ। ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡਾ ਉਲਟਫੇਰ ਆਦਮਪੁਰ ਦੇ ਸਥਾਨਕ ਸਿਆਸੀ ਗੜ੍ਹ ਵਿੱਚ ਦੇਖਣ ਨੂੰ ਮਿਲਿਆ। ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਦਿੱਗਜ ਆਗੂ ਦਰਸ਼ਨ ਸਿੰਘ ਕਰਵਲ ਦੇ ਪਰਿਵਾਰ ਦੇ 5 ਮੈਂਬਰ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ ਸਨ, ਪਰ ਵੋਟਰਾਂ ਨੇ ਬਦਲਾਅ ਦੇ ਹੱਕ ਵਿੱਚ ਫ਼ਤਵਾ ਦਿੰਦਿਆਂ ਪੰਜਾਂ ਹੀ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਹਲਕੇ ਦੇ ਸੀਨੀਅਰ ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਆਦਮਪੁਰ ਦੇ ਵੋਟਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਆਦਮਪੁਰ ਦੇ ਆਮ ਲੋਕਾਂ ਦੀ ਜਿੱਤ ਹੈ। ਲੋਕਾਂ ਨੇ ਜੋ ਭਰੋਸਾ ਆਮ ਆਦਮੀ ਪਾਰਟੀ ਵਿੱਚ ਪ੍ਰਗਟਾਇਆ ਹੈ, ਉਹ ਉਸ ’ਤੇ ਪੂਰਾ ਉਤਰਨਗੇ ਅਤੇ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇਗਾ।-ਹਤਿੰਦਰ ਮਹਿਤਾ
ਦੋਰਾਹਾ ਨਗਰ ਕੌਂਸਲ ’ਤੇ ‘ਆਪ’ ਦਾ ਮੁਡ਼ ਕਬਜ਼ਾ: ਪਰਿਵਾਰ ਦੇ ਮਾਂ-ਪਿਓ ਤੇ ਪੁੱਤ ਜੇਤੂ
ਮੋਹਾਲੀ ਦੇ ਵਾਰਡ ਨੰਬਰ 10 ਤੋਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬੇਟੇ ਕੰਵਰਬੀਰ ਸਿੱਧੂ ਚੋਣ ਹਾਰੇ
ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਚੋਣ ਜਿੱਤੇ
ਕੁੱਲ 1977 ਵਾਰਡਾਂ ਵਿੱਚ ਹੁਣ ਤੱਕ ਦੇ ਨਤੀਜੇ
ਆਮ ਆਦਮੀ ਪਾਰਟੀ – 845
ਅਕਾਲੀ ਦਲ – 165
ਕਾਂਗਰਸ – 338
ਭਾਜਪਾ – 131
ਆਜ਼ਾਦ – 240
ਬਸਪਾ – 6
ਧੂਰੀ ‘ਚ ਆਮ ਆਦਮੀ ਪਾਰਟੀ ਦਾ ਕਬਜ਼ਾ
ਧੂਰੀ ‘ਚ ਆਮ ਆਦਮੀ ਪਾਰਟੀ ਨੇ 19 ਸੀਟਾਂ ਜਿੱਤੀਆਂ
2 ਸੀਟਾਂ ਆਜ਼ਾਦ ਉਮੀਦਵਾਰ ਦੇ ਹਿੱਸੇ ਆਈਆਂ
ਭਵਾਨੀਗੜ੍ਹ ‘ਚ ‘ਆਪ’ ਨੇ ਜਿੱਤੀਆਂ 7 ਸੀਟਾਂ
ਕਾਂਗਰਸ ਨੂੰ 7 ਸੀਟਾਂ ‘ਤੇ ਮਿਲੀ ਜਿੱਤ
ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ 1 ਸੀਟ
ਸੁਨਾਮ: ‘ਆਪ’ ਨੇ ਜਿੱਤੀਆਂ 19 ਸੀਟਾਂ
ਭਾਜਪਾ ਦੇ ਪੱਲੇ ਆਈ 1 ਸੀਟ
3 ਸੀਟਾਂ ਆਜ਼ਾਦ ਉਮੀਦਵਾਰ ਦੇ ਹਿੱਸੇ ਆਈਆਂ
48 ਸ਼ਹਿਰੀ ਨਿਗਮਾਂ ਵਿੱਚੋਂ 34 ‘ਤੇ ‘ਆਪ’ ਦਾ ਕਬਜ਼ਾ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਨਤੀਜਿਆਂ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੀਆਂ 48 ਸ਼ਹਿਰੀ ਨਿਗਮਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 34 ਨਿਗਮਾਂ ‘ਤੇ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਦਕਿ ਕਾਂਗਰਸ ਸਿਰਫ਼ 3 ਅਤੇ ਸ਼ਿਰੋਮਣੀ ਅਕਾਲੀ ਦਲ ਮਹਿਜ਼ 6 ਨਿਗਮਾਂ ਤੱਕ ਹੀ ਸਿਮਟ ਕੇ ਰਹਿ ਗਏ ਹਨ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੇਂਦਰੀ ਏਜੰਸੀਆਂ ਦੇ ਦਮ ‘ਤੇ ਸਰਕਾਰਾਂ ਬਣਾਉਣ ਦੀ ਆਦਤ ਪੈ ਚੁੱਕੀ ਹੈ, ਉਨ੍ਹਾਂ ਨੂੰ ਪੰਜਾਬ ਦੀ ਸੂਝਵਾਨ ਜਨਤਾ ਨੇ ਲੋਕਤੰਤਰ ਦੀ ਅਸਲੀ ਤਾਕਤ ਦਿਖਾ ਦਿੱਤੀ ਹੈ।
ਹੁਣ ਤੱਕ ਘੋਸ਼ਿਤ ਕੀਤੇ ਗਏ 1441 ਵਾਰਡਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ 670 ਸੀਟਾਂ ‘ਤੇ ਜਿੱਤ ਹਾਸਲ ਕਰਕੇ ਸਭ ਤੋਂ ਵੱਡੀ ਸਿਆਸੀ ਤਾਕਤ ਬਣ ਕੇ ਉਭਰੀ ਹੈ। ਇਸ ਦੇ ਮੁਕਾਬਲੇ ਕਾਂਗਰਸ 275 ਸੀਟਾਂ ‘ਤੇ ਸਿਮਟ ਗਈ ਅਤੇ ਅਕਾਲੀ ਦਲ ਨੂੰ 203 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਸਭ ਤੋਂ ਮਾੜੀ ਹਾਲਤ ਭਾਰਤੀ ਜਨਤਾ ਪਾਰਟੀ ਦੀ ਰਹੀ।
ਇਸ ਚੋਣ ਦੰਗਲ ਵਿੱਚ ਸਭ ਤੋਂ ਵੱਡਾ ਅਤੇ ਰਿਕਾਰਡਤੋੜ ਨਤੀਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਸਾਹਮਣੇ ਆਇਆ ਹੈ। ਧੂਰੀ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 20 ਸੀਟਾਂ ’ਤੇ ਹੂੰਝਾਫੇਰ ਜਿੱਤ ਦਰਜ ਕਰਕੇ ਵਿਰੋਧੀ ਧਿਰਾਂ ਦਾ ਲਗਭਗ ਸਫ਼ਾਇਆ ਕਰ ਦਿੱਤਾ ਹੈ।
ਦੁਪਹਿਰ 3 ਵਜੇ ਤੱਕ ਮਿਲੇ ਅਧਿਕਾਰਤ ਅੰਕੜਿਆਂ ਮੁਤਾਬਕ, ਰਾਜ ਦੇ ਕੁੱਲ 1,349 ਵਾਰਡਾਂ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ, ਜਿਸ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ ਵਿੱਚ ਹੂੰਝਾਫੇਰ ਲੋਕ-ਫ਼ਤਵਾ ਆਇਆ ਹੈ।
ਬਰਨਾਲਾ ਨਗਰ ਨਿਗਮ ਦੀਆਂ ਕੁੱਲ 50 ਵਾਰਡਾਂ ਦੀਆਂ ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਅਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਐਲਾਨੇ ਗਏ 32 ਵਾਰਡਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (AAP) ਨੇ ਹੂੰਝਾ ਫੇਰੂ ਜਿੱਤ ਦਰਜ ਕਰਦਿਆਂ ਵਿਰੋਧੀਆਂ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ।
ਹੁਣ ਤੱਕ ਦੇ ਨਤੀਜਿਆਂ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਨੇ 32 ਵਿੱਚੋਂ 24 ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਨਗਰ ਨਿਗਮ ‘ਤੇ ਆਪਣਾ ਕਬਜ਼ਾ ਲਗਭਗ ਤੈਅ ਕਰ ਲਿਆ ਹੈ। ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਸ਼ਹਿਰ ਵਿੱਚ ਜਸ਼ਨ ਦਾ ਮਾਹੌਲ ਹੈ।
ਹੁਣ ਤੱਕ ਦੇ ਨਤੀਜਿਆਂ ਵਿੱਚ ਸੱਤਾਧਾਰੀ ਪਾਰਟੀ ਆਪ ਨੂੰ ਸਭ ਤੋਂ ਜਿਆਦਾ ਸੀਟਾਂ ਮਿਲੀਆਂ ਹਨ। ਉਧਰ ਬਰਨਾਲਾ ਵਿੱਚ ਆਪ ਨੇ ਹੁਣ ਤੱਕ ਦੇ ਨਤੀਜਿਆਂ ਵਿੱਚ 17 ਵਿੱਚੋਂ 15 ਸੀਟਾਂ ਜਿੱਤੀਆਂ ਹਨ। ਨਗਰ ਨਿਗਮ ਕਪੂਰਥਲਾ ’ਚ ਹੁਣ ਕਾਂਗਰਸ ਪਾਰਟੀ ਦਾ ਮੇਅਰ ਬਣਨਾ ਤੈਅ ਹੈ ਕਿਉਂਕਿ ਕਾਂਗਰਸ ਨੇ 50 ਮੈਂਬਰੀ ਕਪੂਰਥਲਾ ਨਿਗਮ ਦੀ ਚੋਣ ’ਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਨਿਗਮ ਦੀ ਚੋਣ ’ਚ ਦਬਦਬਾ ਕਾਇਮ ਰੱਖ ਕੇ ਆਪਣਾ ਸਿਆਸੀ ਜਲਵਾ ਦਿਖਾ ਦਿੱਤਾ ਹੈ। ਕਾਂਗਰਸ ਨੂੰ ਕਪੂਰਥਲਾ ਨਿਗਮ ’ਚ 28 ਵਾਰਡਾਂ ’ਤੇ ਜਿੱਤ ਹਾਸਲ ਹੋ ਚੁੱਕੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੂੰ 10 ਸੀਟਾਂ ਹੀ ਮਿਲੀਆਂ ਹਨ।
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਆਪਣੇ ਗੜ੍ਹ ’ਚ ਕਾਂਗਰਸ ਦੀ ਬੜ੍ਹਤ ਕਾਇਮ ਰੱਖਣ ’ਚ ਸਫਲ ਹੋਏ ਹਨ। ਨਗਰ ਕੌਂਸਲ ਚਮਕੌਰ ਸਾਹਿਬ ’ਤੇ ਕਾਂਗਰਸ ਦੀ ਸਰਦਾਰੀ ਕਾਇਮ ਹੋ ਗਈ ਹੈ। 13 ਮੈਂਬਰੀ ਚਮਕੌਰ ਸਾਹਿਬ ਨਗਰ ਕੌਂਸਲ ’ਚ 11 ਸੀਟਾਂ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਮੌਕੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹਲਕੇ ’ਚ ਕਾਂਗਰਸ ਨੂੰ ਜਿੱਤ ਮਿਲੀ ਸੀ।
ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਰਾਜਨੀਤੀ ਦੇ ਮੌਜੂਦਾ ਮੂਡ ਨੂੰ ਸਪੱਸ਼ਟ ਤੌਰ ‘ਤੇ ਪ੍ਰਗਟ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ 630 ਸੀਟਾਂ ਜਿੱਤ ਕੇ ਆਪਣਾ ਦਬਦਬਾ ਬਣਾਈ ਰੱਖਿਆ। ਕਾਂਗਰਸ 215 ਸੀਟਾਂ ਨਾਲ ਦੂਜੇ ਸਥਾਨ ‘ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਨੇ 175 ਸੀਟਾਂ ਜਿੱਤੀਆਂ। ਭਾਜਪਾ ਸਿਰਫ਼ 52 ਸੀਟਾਂ ਤੱਕ ਸੀਮਤ ਰਹੀ, ਜਦੋਂ ਕਿ ਹੋਰ ਉਮੀਦਵਾਰਾਂ ਨੇ ਸਮੂਹਿਕ ਤੌਰ ‘ਤੇ 214 ਸੀਟਾਂ ਜਿੱਤੀਆਂ। ਇਹ ਅੰਕੜਾ ਭਾਜਪਾ ਲਈ ਖਾਸ ਚਿੰਤਾ ਦਾ ਵਿਸ਼ਾ ਹੈ; ਇਸਦਾ ਮਤਲਬ ਹੈ ਕਿ, ਸਥਾਨਕ ਪੱਧਰ ‘ਤੇ, ਜਨਤਾ ਭਾਜਪਾ ਨਾਲੋਂ ਆਜ਼ਾਦ ਉਮੀਦਵਾਰਾਂ ‘ਤੇ ਜ਼ਿਆਦਾ ਭਰੋਸਾ ਰੱਖਦੀ ਹੈ।
ਆਮ ਆਦਮੀ ਪਾਰਟੀ (ਆਪ) ਨੇ 630 ਸੀਟਾਂ ਜਿੱਤੀਆਂ ਹਨ। ਆਜ਼ਾਦ ਉਮੀਦਵਾਰ 214 ਸੀਟਾਂ ਜਿੱਤ ਕੇ ਦੂਜੇ ਨੰਬਰ ‘ਤੇ ਹਨ। ਸੂਬੇ ਭਰ ਵਿੱਚ ਕੁੱਲ 115 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਸਖ਼ਤ ਸੁਰੱਖਿਆ ਵਿਚਕਾਰ ਗਿਣਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਅਣਅਧਿਕਾਰਤ ਪ੍ਰਵੇਸ਼ ਨੂੰ ਰੋਕਣ ਲਈ ਸਾਰੇ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਇੱਕ ਸੁਰੱਖਿਆ ਘੇਰਾ ਸਥਾਪਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕਈ ਵਾਰਡਾਂ ਵਿੱਚ ਨਤੀਜੇ ਆ ਗਏ ਹਨ ਅਤੇ ਗਿਣਤੀ ਦੇ ਰੁਝਾਨਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਦੂਜੇ ਨੰਬਰ ‘ਤੇ ਹਨ।
ਇਸ ਵਾਰ ਚੋਣਾਂ ਵਿੱਚ ਕੁੱਲ 1,896 ਵਾਰਡਾਂ ਲਈ 7,555 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ ਉਮੀਦਵਾਰ ਸ਼ਾਮਲ ਸਨ। ਨਗਰ ਨਿਗਮਾਂ ਵਿੱਚ ਅਬੋਹਰ, ਬਟਾਲਾ, ਬਰਨਾਲਾ, ਬਠਿੰਡਾ, ਕਪੂਰਥਲਾ, ਮੋਹਾਲੀ, ਮੋਗਾ ਅਤੇ ਪਠਾਨਕੋਟ ਦੇ 396 ਵਾਰਡਾਂ ਵਿੱਚ 1,613 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ।
ਇਸ ਤੋਂ ਇਲਾਵਾ 75 ਨਗਰ ਕੌਂਸਲਾਂ ਦੇ 1,282 ਵਾਰਡਾਂ ਵਿੱਚ ਸਭ ਤੋਂ ਵੱਧ 5,142 ਉਮੀਦਵਾਰ ਚੋਣ ਮੈਦਾਨ ਵਿੱਚ ਸਨ। 20 ਨਗਰ ਪੰਚਾਇਤਾਂ ਦੇ 218 ਵਾਰਡਾਂ ਵਿੱਚ 800 ਉਮੀਦਵਾਰ ਚੋਣ ਲੜੀ। ਸੂਬੇ ਭਰ ਵਿੱਚ 79 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਦੇ ਚੁਣੇ ਜਾ ਚੁੱਕੇ ਹਨ।
ਸਭ ਤੋਂ ਵੱਧ ਉਮੀਦਵਾਰ AAP ਦੇ
ਪਾਰਟੀ ਅਨੁਸਾਰ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਉਮੀਦਵਾਰ ਆਮ ਆਦਮੀ ਪਾਰਟੀ ਦੇ ਹੀ ਹਨ। AAP ਨੇ 1,801 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਕਾਂਗਰਸ ਦੇ 1,550, ਭਾਜਪਾ ਦੇ 1,316 ਅਤੇ ਸ਼੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਬਸਪਾ ਦੇ 96, 1,528 ਆਜ਼ਾਦ ਅਤੇ 13 ਹੋਰ ਉਮੀਦਵਾਰ ਵੀ ਮੈਦਾਨ ਵਿੱਚ ਹਨ।
2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਹਿਮ ਟੈਸਟ
ਇਨ੍ਹਾਂ ਚੋਣਾਂ ਨੂੰ ਪੰਜਾਬ ਦੀ ਸਿਆਸਤ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਇਸਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨ ਰਹੀਆਂ ਹਨ। ਇਸ ਲਈ ਸਾਰੇ ਦਲਾਂ ਦੀ ਨਜ਼ਰ ਇਨ੍ਹਾਂ ਨਤੀਜਿਆਂ ‘ਤੇ ਟਿਕੀ ਹੋਈ ਹੈ।

