ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ: 7,555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ; ਸੁਰੱਖਿਆ ਦੇ ਪੁਖਤਾ ਪ੍ਰਬੰਧ

Global Team
3 Min Read

ਚੰਡੀਗੜ੍ਹ : ਪੰਜਾਬ ਦੀ ਸਿਆਸਤ ਲਈ ਅੱਜ ਵੱਡਾ ਦਿਨ ਹੈ। ਅੱਜ ਸੂਬੇ ਦੇ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ ਕੁੱਲ 104 ਸਥਾਨਕ ਚੋਣਾਂ ਦੇ ਨਤੀਜੇ ਜਾਰੀ ਹੋਣਗੇ। ਸਵੇਰੇ 8 ਵਜੇ ਤੋਂ ਪੰਜਾਬ ਦੇ 115 ਕਾਊਂਟਿੰਗ ਸੈਂਟਰਾਂ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਹ ਚੋਣਾਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਵੀ ਅਸਰ ਪਾਉਣਗੀਆਂ।

ਦੱਸ ਦਈਏ ਕਿ ਇਸ ਵਾਰ ਕੁੱਲ 7,555 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 1,801 ਉਮੀਦਵਾਰ ਉਤਾਰੇ ਹਨ, ਉਸ ਤੋਂ ਬਾਅਦ ਕਾਂਗਰਸ ਦੇ 1,550, ਭਾਜਪਾ ਦੇ 1,316, ਸ਼੍ਰੋਮਣੀ ਅਕਾਲੀ ਦਲ ਦੇ 1,251 ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ 96 ਉਮੀਦਵਾਰ ਹਨ।

ਇਸ ਤੋਂ ਇਲਾਵਾ, ਚੋਣਾਂ ਵਿੱਚ 1,528 ਆਜ਼ਾਦ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੇ ਹਨ। ਚੋਣ ਕਮਿਸ਼ਨ ਅਨੁਸਾਰ ਇਸ ਵਾਰ ਕੁੱਲ 63.94% ਵੋਟਿੰਗ ਦਰਜ ਕੀਤੀ ਗਈ ਹੈ। ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਵੋਟਾਂ ਪਈਆਂ ਹਨ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਚੋਣਾਂ ਬੈਲਟ ਪੇਪਰ ਰਾਹੀਂ ਹੋਈਆਂ ਸਨ।

ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਦੇ ਘੇਰੇ ਵਿੱਚ ਸੁਰੱਖਿਆ ਘੇਰਾ ਬਣਾਇਆ ਗਿਆ ਹੈ, ਤਾਂ ਜੋ ਗੈਰ-ਅਧਿਕਾਰਤ ਵਿਅਕਤੀਆਂ ਦੇ ਦਾਖਲੇ ਨੂੰ ਰੋਕਿਆ ਜਾ ਸਕੇ। ਕੇਵਲ ਪਾਸ ਧਾਰਕ ਉਮੀਦਵਾਰਾਂ ਅਤੇ ਉਹਨਾਂ ਦੇ ਕਾਊਂਟਿੰਗ ਏਜੰਟਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ।

ਸਟ੍ਰਾਂਗ ਰੂਮਾਂ ਅਤੇ ਕਾਊਂਟਿੰਗ ਸੈਂਟਰਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਅਤੇ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਤਿੰਨ-ਪੱਧਰੀ ਸੁਰੱਖਿਆ ਘੇਰੇ ਵਿਚਕਾਰ ਕੀਤੀ ਜਾ ਰਹੀ ਹੈ। ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਜ਼ਿਲ੍ਹਿਆਂ ਦੇ ਐੱਸਐੱਸਪੀ (SSP) ਸੰਭਾਲਣਗੇ।

ਚੋਣ ਕਮਿਸ਼ਨ ਅਨੁਸਾਰ, ਇੱਕ ਰਾਊਂਡ ਵਿੱਚ ਇੱਕ ਵਾਰਡ ਦੀਆਂ ਵੋਟਾਂ ਦੀ ਗਿਣਤੀ ਪੂਰੀ ਕੀਤੀ ਜਾਵੇਗੀ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਉਮੀਦ ਜਤਾਈ ਹੈ ਕਿ ਦੁਪਹਿਰ 12 ਵਜੇ ਤੱਕ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਜ਼ਿਆਦਾਤਰ ਨਤੀਜੇ ਸਾਹਮਣੇ ਆ ਜਾਣਗੇ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment