ਨਿਊਜ਼ ਡੈਸਕ: ਹਰਿਆਣਾ ਵਿਚ ਗਰਮੀ ਦੇ ਮੌਸਮ ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ। ਸੂਬੇ ਦੇ ਕੈਬਨਿਟ ਮੰਤਰੀ ਰਣਬੀਰ ਗੰਗਵਾ ਨੇ ਪਾਣੀ ਦੇ ਸੰਕਟ ਨੂੰ ਹੱਲ ਕਰਨ ‘ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ‘ਤੇ ਸ਼ਿਕੰਜਾ ਕੱਸਦਿਆਂ ਵੱਡੀ ਕਾਰਵਾਈ ਕੀਤੀ ਹੈ।
ਸੂਬੇ ਦੇ ਕਈ ਹਿੱਸਿਆਂ ਵਿੱਚ ਗਰਮੀ ਕਾਰਨ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦੀਆਂ ਸਪੱਸ਼ਟ ਹਦਾਇਤਾਂ ਦੇ ਬਾਵਜੂਦ ਕੁਝ ਅਧਿਕਾਰੀ ਜ਼ਮੀਨੀ ਪੱਧਰ ’ਤੇ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਲਾਪ੍ਰਵਾਹੀ ਦਿਖਾ ਰਹੇ ਸਨ।
ਇਸ ਸਥਿਤੀ ਦਾ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਰਣਬੀਰ ਗੰਗਵਾ ਨੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ। ਉਨ੍ਹਾਂ ਨੇ ਹਾਂਸੀ ਅਤੇ ਚਰਖੀ ਦਾਦਰੀ ਵਿਖੇ ਤਾਇਨਾਤ ਦੋ ਉਪ-ਮੰਡਲ ਅਧਿਕਾਰੀਆਂ ਅਤੇ ਦੋ ਜੂਨੀਅਰ ਇੰਜੀਨੀਅਰਾਂ (ਜੇਈ) ਨੂੰ ਉਨ੍ਹਾਂ ਦੇ ਕੰਮ ਵਿੱਚ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਦਮਪੁਰ ਦੇ ਜੇਈ ਅਤੇ ਐਸਡੀਓ ਖ਼ਿਲਾਫ਼ ਵੀ ਸਖ਼ਤ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਚਾਰਜਸ਼ੀਟ ਸੌਂਪ ਦਿੱਤੀ ਗਈ ਹੈ।
ਮੰਤਰੀ ਦੀ ਇਸ ਤੇਜ਼ ਅਤੇ ਸਖ਼ਤ ਕਾਰਵਾਈ ਨੇ ਜਨ ਸਿਹਤ ਅਤੇ ਹੋਰ ਸਬੰਧਿਤ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਕਾਰਵਾਈ ਰਾਹੀਂ ਸਰਕਾਰ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

