328 ਪਾਵਨ ਸਰੂਪਾਂ ਦੇ ਮਾਮਲੇ ‘ਚ SIT ‘ਤੇ ਭੜਕੇ ਧਾਮੀ, SGPC ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇ ਦੋਸ਼

Global Team
2 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਕਾਰਵਾਈ ‘ਤੇ ਗੰਭੀਰ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ SIT ਜਾਂਚ ਦੇ ਨਾਮ ‘ਤੇ SGPC ਦੇ ਅੰਦਰੂਨੀ ਅਤੇ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਬਿਨਾਂ ਲੋੜ ਦਖਲ ਦੇ ਰਹੀ ਹੈ।

SGPC ਦੀ ਸੰਵਿਧਾਨਕ ਹੈਸਿਅਤ ਕਮਜ਼ੋਰ ਕਰਨ ਦੀ ਕੋਸ਼ਿਸ਼: ਧਾਮੀ

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ SGPC ਦੀ ਸੰਵਿਧਾਨਕ ਦਰਜੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ SGPC ਨੇ ਸ਼ੁਰੂ ਤੋਂ ਹੀ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ SIT ਦਾ ਸਹਿਯੋਗ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਟੀਮ ਨੂੰ ਹਰ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਦਿੱਤੀ ਗਈ।

ਵਿੱਤੀ ਅਤੇ ਪ੍ਰਸ਼ਾਸਨਿਕ ਜਾਣਕਾਰੀ ਮੰਗਣ ‘ਤੇ ਇਤਰਾਜ਼

ਧਾਮੀ ਨੇ ਦੋਸ਼ ਲਗਾਇਆ ਕਿ SIT ਹੁਣ ਉਹ ਜਾਣਕਾਰੀਆਂ ਮੰਗ ਰਹੀ ਹੈ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ SGPC ਦੇ ਬੈਂਕ ਖਾਤਿਆਂ, ਵਿੱਤੀ ਲੈਣ-ਦੇਣ ਅਤੇ ਹੋਰ ਆਰਥਿਕ ਰਿਕਾਰਡਾਂ ਬਾਰੇ ਜਾਣਕਾਰੀ ਮੰਗਣਾ SIT ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।

ਉਨ੍ਹਾਂ ਮੁਤਾਬਕ ਕਈ ਵਾਰ SIT ਦੇ ਨੁਮਾਇੰਦਿਆਂ ਨੂੰ ਬੈਂਕਾਂ ਵਿੱਚ ਭੇਜ ਕੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਈ ਵਾਰ ਸਰਕਾਰੀ ਪੱਤਰਾਂ ਰਾਹੀਂ ਵਿੱਤੀ ਵੇਰਵੇ ਮੰਗੇ ਜਾਂਦੇ ਹਨ।

ETC ਅਤੇ G Next Media ਨਾਲ ਸਮਝੌਤਿਆਂ ਦੀ ਜਾਣਕਾਰੀ ਵੀ ਮੰਗੀ

SGPC ਪ੍ਰਧਾਨ ਨੇ ਇਹ ਵੀ ਕਿਹਾ ਕਿ ਹੁਣ SIT ਵੱਲੋਂ ETC ਅਤੇ G Next Media ਨਾਲ ਸਾਲਾਂ ਪਹਿਲਾਂ ਹੋਏ ਗੁਰਬਾਣੀ ਕੀਰਤਨ ਪ੍ਰਸਾਰਣ ਸਮਝੌਤਿਆਂ ਦੀ ਜਾਣਕਾਰੀ ਵੀ ਮੰਗੀ ਜਾ ਰਹੀ ਹੈ, ਜਦਕਿ ਇਸਦਾ 328 ਪਾਵਨ ਸਰੂਪ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

ਧਾਮੀ ਨੇ ਦਾਅਵਾ ਕੀਤਾ ਕਿ ਜੋ ਜਾਣਕਾਰੀ ਪਹਿਲਾਂ ਹੀ ਜਾਂਚ ਟੀਮ ਨੂੰ ਦਿੱਤੀ ਜਾ ਚੁੱਕੀ ਹੈ, ਉਹੀ ਜਾਣਕਾਰੀ ਵਾਰ-ਵਾਰ ਨਵੇਂ ਪੱਤਰ ਭੇਜ ਕੇ ਮੁੜ ਮੰਗੀ ਜਾ ਰਹੀ ਹੈ।

Share This Article
Leave a Comment