ਕਰਨਾਟਕ : ਬੈਂਗਲੁਰੂ ਦੱਖਣੀ (ਰਾਮਨਗਰ) ਵਿੱਚ 6 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ 10 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਹਿਰ ਦੌਰੇ ਦੌਰਾਨ ਬੈਂਗਲੁਰੂ ਦੇ ਬਾਹਰੀ ਇਲਾਕੇ ਵਿੱਚ ਜਿਲੇਟਿਨ ਦੀਆਂ ਛੜਾਂ ਮਿਲਣ ਦੀ ਘਟਨਾ ਦੇ ਸਬੰਧ ਵਿੱਚ ਪੁਲਿਸ ਸੁਪਰਡੈਂਟ (SP) ਦੇ ਹੁਕਮਾਂ ‘ਤੇ ਕੀਤੀ ਗਈ ਹੈ।
ਦੱਸ ਦਈਏ ਕਿ ਪੀ.ਐੱਮ. ਮੋਦੀ ਨੇ 10 ਮਈ ਨੂੰ ਬੈਂਗਲੁਰੂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਬੈਂਗਲੁਰੂ ਦੇ ਬਾਹਰੀ ਇਲਾਕੇ ਵਿੱਚ ਜਿਲੇਟਿਨ ਸਟਿਕਸ ਮਿਲਣ ਦੀ ਘਟਨਾ ਸਾਹਮਣੇ ਆਈ ਸੀ। ਉੱਥੇ ਹੀ ਹੁਣ ਇਸ ਮਾਮਲੇ ਵਿੱਚ ਬੈਂਗਲੁਰੂ ਦੱਖਣੀ (ਰਾਮਨਗਰ) ਦੇ ਪੁਲਿਸ ਸੁਪਰਡੈਂਟ (SP) ਦੇ ਹੁਕਮਾਂ ‘ਤੇ 6 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਘਟਨਾ ਦੀ ਜਾਂਚ ਪੂਰੀ ਹੋਣ ਤੱਕ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਰੱਖਿਆ ਜਾਵੇਗਾ।ਬੈਂਗਲੁਰੂ ਦੱਖਣੀ (ਰਾਮਨਗਰ) ਦੇ ਪੁਲਿਸ ਸੁਪਰਡੈਂਟ ਅਨੁਸਾਰ, ਪ੍ਰਧਾਨ ਮੰਤਰੀ ਦੇ ਦੌਰੇ ਵਾਲੀ ਸਵੇਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਜਾਂਚ ਦੌਰਾਨ ਜਿਲੇਟਿਨ ਸਟਿਕਸ ਮਿਲਣ ਦੀ ਘਟਨਾ ਦਾ ਪਤਾ ਲੱਗਿਆ ਸੀ।
ਬੈਂਗਲੁਰੂ ਦੇ ਕੇਂਦਰੀ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (DIG) ਨੇ ਦੱਸਿਆ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਤੋਂ ਪਹਿਲਾਂ, ਜਾਂਚ ਦੌਰਾਨ, ਮੁੱਖ ਸਥਾਨ ਤੋਂ ਲਗਭਗ 3 ਕਿਲੋਮੀਟਰ ਦੂਰ ਫੁੱਟਪਾਥ ਦੇ ਕਿਨਾਰੇ ਦੋ ਜਿਲੇਟਿਨ ਸਟਿਕਸ ਮਿਲੀਆਂ। ਅੱਗੇ ਦੀ ਜਾਂਚ ਜਾਰੀ ਹੈ।”
ਇਸ ਘਟਨਾ ਤੋਂ ਬਾਅਦ, ਕਰਨਾਟਕ ਭਾਰਤੀ ਜਨਤਾ ਪਾਰਟੀ (BJP) ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਬੀ.ਵਾਈ. ਵਿਜਯੇਂਦਰ ਨੇ 10 ਮਈ ਨੂੰ ਪ੍ਰਧਾਨ ਮੰਤਰੀ ਦੇ ਤੈਅਸ਼ੁਦਾ ਰੂਟ ‘ਤੇ ਜਿਲੇਟਿਨ ਸਟਿਕਸ ਮਿਲਣ ‘ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਨੇ ਇਸ ਨੂੰ ਸੁਰੱਖਿਆ ਵਿੱਚ ਗੰਭੀਰ ਲਾਪਰਵਾਹੀ ਅਤੇ ਸੂਬੇ ਦੀ ਕਾਂਗਰਸ ਸਰਕਾਰ ਦੀ “ਨਾ-ਮਾਫ਼ੀਯੋਗ ਅਤੇ ਘੋਰ ਅਸਫ਼ਲਤਾ” ਦੱਸਿਆ।
ਫ਼ਿਲਹਾਲ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਸਬੰਧ ਵਿੱਚ ਹੁਣ 6 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ । ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਇੱਕ ਸਬ-ਇੰਸਪੈਕਟਰ (SI), ਇੱਕ ਅਸਿਸਟੈਂਟ ਸਬ-ਇੰਸਪੈਕਟਰ (ASI) ਅਤੇ ਚਾਰ ਕਾਂਸਟੇਬਲ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ, ਸੂਚਨਾ ਮਿਲਣ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (NIA) ਵੀ ਜਾਂਚ ਵਿੱਚ ਸ਼ਾਮਲ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

