ਹਰਿਆਣਾ ‘ਚ ਤੀਹਰੇ ਕਤਲ ਨਾਲ ਦਹਿਲਿਆ ਇਲਾਕਾ! ਸਿਰਫਿਰੇ ਨੇ ਪਤੀ-ਪਤਨੀ ਸਣੇ 3 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ

Global Team
3 Min Read

ਹਰਿਆਣਾ : ਸੋਨੀਪਤ ਦੇ ਕੁੰਡਲੀ ਥਾਣਾ ਖੇਤਰ ਵਿੱਚ ਸਥਿਤ ਟੀ.ਡੀ.ਆਈ. ਸਿਟੀ ਦੇ ਬੀ.ਪੀ.ਐੱਲ. ਫਲੈਟਾਂ ਵਿੱਚ ਹੋਏ ਤੀਹਰੇ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਸਿਰਫਿਰੇ ਵਿਅਕਤੀ ਨੇ ਲੋਹੇ ਦੀ ਰਾਡ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪਤੀ-ਪਤਨੀ ਸਮੇਤ ਤਿੰਨ ਲੋਕਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।

ਵਾਰਦਾਤ ਤੋਂ ਬਾਅਦ ਫਲੈਟਾਂ ਵਿੱਚ ਚੀਕ- ਚਿਹਾੜਾ ਮਚ ਗਿਆ ਅਤੇ ਆਸ-ਪਾਸ ਦੇ ਲੋਕ ਸਹਿਮ ਗਏ। ਮੁਲਜ਼ਮ ਦੀ ਪਛਾਣ ਬ੍ਰਹਮਪ੍ਰਕਾਸ਼ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਝੱਜਰ ਜ਼ਿਲ੍ਹੇ ਦੇ ਜਸੋਰ ਖੇੜੀ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ।

ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 11:30 ਵਜੇ ਅਚਾਨਕ ਵਿਵਾਦ ਇੰਨਾ ਵਧ ਗਿਆ ਕਿ ਮੁਲਜ਼ਮ ਬ੍ਰਹਮਪ੍ਰਕਾਸ਼ ਨੇ ਹਿੰਸਕ ਰੂਪ ਧਾਰਨ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਫਲੈਟ ਨੰਬਰ 1426 ਵਿੱਚ ਰਹਿਣ ਵਾਲੇ ਬ੍ਰਹਮਪ੍ਰਕਾਸ਼ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ।ਇਸੇ ਗੱਲ ਨੂੰ ਲੈ ਕੇ ਗੁਆਂਢੀਆਂ ਨੂੰ ਇਤਰਾਜ਼ ਸੀ। ਪਹਿਲਾਂ ਵੀ ਟੋਕਾ-ਟੋਕੀ ਕਾਰਨ ਕਈ ਵਾਰ ਝਗੜਾ ਹੋ ਚੁੱਕਾ ਸੀ। ਇਸੇ ਗੱਲ ਨੂੰ ਲੈ ਕੇ ਦੇਰ ਰਾਤ ਤਕਰਾਰ ਹੋਈ ਅਤੇ ਆਸ-ਪਾਸ ਦੇ ਲੋਕ ਵੀ ਮੌਕੇ ‘ਤੇ ਇਕੱਠੇ ਹੋ ਗਏ।

ਦੇਖਦੇ ਹੀ ਦੇਖਦੇ ਝਗੜਾ ਖ਼ੂਨੀ ਸੰਘਰਸ਼ ਵਿੱਚ ਬਦਲ ਗਿਆ। ਇਸ ਹਮਲੇ ਵਿੱਚ 50 ਸਾਲਾ ਵਿਜੇ ਅਤੇ ਉਨ੍ਹਾਂ ਦੀ 47 ਸਾਲਾ ਪਤਨੀ ਸੁਨੀਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦੋਵੇਂ ਮੂਲ ਰੂਪ ਵਿੱਚ ਸੋਨੀਪਤ ਦੇ ਕੋਰਟ ਮੁਹੱਲਾ ਦੇ ਰਹਿਣ ਵਾਲੇ ਸਨ। ਤੀਜੀ ਮ੍ਰਿਤਕਾ ਦੀ ਪਛਾਣ 32 ਸਾਲਾ ਸਵਾਤੀ ਵਜੋਂ ਹੋਈ ਹੈ।

ਸੂਚਨਾ ਮਿਲਦੇ ਹੀ ਕੁੰਡਲੀ ਥਾਣਾ ਪੁਲਿਸ, ਜ਼ਿਲ੍ਹੇ ਦੇ ਉੱਚ ਅਧਿਕਾਰੀ ਅਤੇ ਐੱਫ.ਐੱਸ.ਐੱਲ. ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।ਮੁਢਲੀ ਜਾਂਚ ਵਿੱਚ ਆਪਸੀ ਵਿਵਾਦ ਅਤੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਹੋਏ ਝਗੜੇ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਇੱਕੋ ਵੇਲੇ ਤਿੰਨ ਕਤਲਾਂ ਦੀ ਘਟਨਾ ਤੋਂ ਬਾਅਦ ਟੀ.ਡੀ.ਆਈ. ਸਿਟੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੇਰ ਰਾਤ ਤੱਕ ਪੁਲਿਸ ਮੌਕੇ ‘ਤੇ ਜਾਂਚ ਵਿੱਚ ਜੁਟੀ ਰਹੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੂਰੇ ਘਟਨਾਕ੍ਰਮ ਦਾ ਖ਼ੁਲਾਸਾ ਕੀਤਾ ਜਾਵੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment