‘ਕਾਕਰੋਚ ਜਨਤਾ ਪਾਰਟੀ’ ਸੋਸ਼ਲ ਮੀਡੀਆ ਅਕਾਊਂਟ ਤੇ ਵੈਬਸਾਈਟ ਹੈਕ, ਕਾਕਰੋਚਾਂ ਨੇ ਕਿਹਾ ‘ਅਸੀਂ ਰੁਕਣ ਵਾਲੇ ਨਹੀਂ’

Global Team
3 Min Read

ਨਿਊਜ਼ ਡੈਸਕ: ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਨਿੱਜੀ Instagram ਅਕਾਊਂਟ ਅਤੇ ਪਾਰਟੀ ਦਾ ਅਧਿਕਾਰਤ Instagram ਪੇਜ ਹੈਕ ਕਰ ਲਿਆ ਗਿਆ ਹੈ। ਇਹ ਦਾਅਵਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਉਨ੍ਹਾਂ ਦੀ ਡਿਜ਼ੀਟਲ ਮੁਹਿੰਮ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਅਤੇ ਲੱਖਾਂ ਲੋਕਾਂ ਤੱਕ ਪਹੁੰਚ ਚੁੱਕੀ ਸੀ।

ਅਭਿਜੀਤ ਦੀਪਕੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਨਲਾਈਨ ਪਲੇਟਫਾਰਮਾਂ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਕਾਰਨ ਉਨ੍ਹਾਂ ਨਾਲ ਜੁੜੇ ਕਈ ਸੋਸ਼ਲ ਮੀਡੀਆ ਖਾਤੇ ਪ੍ਰਭਾਵਿਤ ਹੋਏ ਹਨ।

ਸੋਸ਼ਲ ਮੀਡੀਆ X ’ਤੇ ਕੀਤੀ ਪੋਸਟ

ਸੋਸ਼ਲ ਮੀਡੀਆ ’ਤੇ ਜਾਰੀ ਆਪਣੇ ਬਿਆਨ ਵਿੱਚ ਅਭਿਜੀਤ ਦੀਪਕੇ ਨੇ ਲਿਖਿਆ ਕਿ ‘ਕਾਕਰੋਚ ਜਨਤਾ ਪਾਰਟੀ’ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਪਾਰਟੀ ਦਾ Instagram ਪੇਜ ਹੈਕ ਹੋ ਗਿਆ ਹੈ, ਉਨ੍ਹਾਂ ਦਾ ਨਿੱਜੀ Instagram ਖਾਤਾ ਵੀ ਕਬਜ਼ੇ ਵਿੱਚ ਲਿਆ ਗਿਆ ਹੈ, ਜਦਕਿ X (ਟਵਿੱਟਰ) ਅਕਾਊਂਟ ਨੂੰ ਰੋਕ ਦਿੱਤਾ ਗਿਆ ਹੈ ਅਤੇ ਬੈਕਅੱਪ ਅਕਾਊਂਟ ਵੀ ਹਟਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਟੀਮ ਦੀ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੱਕ ਪਹੁੰਚ ਨਹੀਂ ਹੈ। ਇਸ ਲਈ ਹੁਣ ਤੋਂ ਬਾਅਦ ਕੀਤੀ ਜਾਣ ਵਾਲੀ ਕਿਸੇ ਵੀ ਪੋਸਟ ਨੂੰ ‘ਕਾਕਰੋਚ ਜਨਤਾ ਪਾਰਟੀ’ ਦਾ ਅਧਿਕਾਰਤ ਬਿਆਨ ਨਾ ਮੰਨਿਆ ਜਾਵੇ।

ਇੱਕ ਹਫ਼ਤੇ ਵਿੱਚ ਬਣੀ ਵੱਡੀ ਚਰਚਾ

ਅਭਿਜੀਤ ਦੀਪਕੇ ਬੋਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਰਹਿ ਚੁੱਕੇ ਹਨ। ਉਨ੍ਹਾਂ ਨੇ ਕਰੀਬ ਇੱਕ ਹਫ਼ਤਾ ਪਹਿਲਾਂ ਇਸ ਡਿਜ਼ੀਟਲ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

ਥੋੜ੍ਹੇ ਸਮੇਂ ਵਿੱਚ ਹੀ ਇਹ ਮੁਹਿੰਮ ਸੋਸ਼ਲ ਮੀਡੀਆ ’ਤੇ ਬਹੁਤ ਪ੍ਰਸਿੱਧ ਹੋ ਗਈ। ਰਿਪੋਰਟਾਂ ਅਨੁਸਾਰ ਪਾਰਟੀ ਦੇ Instagram ਅਕਾਊਂਟ ਦੇ ਫਾਲੋਅਰਾਂ ਦੀ ਗਿਣਤੀ ਕਰੀਬ 2 ਕਰੋੜ ਤੱਕ ਪਹੁੰਚ ਗਈ ਸੀ।

ਕਿਵੇਂ ਸ਼ੁਰੂ ਹੋਇਆ ‘ਕਾਕਰੋਚ ਜਨਤਾ ਪਾਰਟੀ’ ਟਰੈਂਡ?

‘ਕਾਕਰੋਚ ਜਨਤਾ ਪਾਰਟੀ’ ਦੀ ਚਰਚਾ ਉਸ ਵਿਵਾਦ ਤੋਂ ਬਾਅਦ ਸ਼ੁਰੂ ਹੋਈ, ਜਿਸ ਵਿੱਚ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਦੀ ਇੱਕ ਕਥਿਤ ਟਿੱਪਣੀ ਨੂੰ ਲੈ ਕੇ ਵੱਡੀ ਬਹਿਸ ਛਿੜ ਗਈ ਸੀ। ਦੱਸਿਆ ਗਿਆ ਕਿ ਸੀਨੀਅਰ ਵਕੀਲ ਦਾ ਦਰਜਾ ਦੇਣ ਨਾਲ ਸਬੰਧਤ ਇੱਕ ਸੁਣਵਾਈ ਦੌਰਾਨ ‘ਪਰਜੀਵੀ’ ਅਤੇ ‘ਕਾਕਰੋਚ’ ਵਰਗੇ ਸ਼ਬਦਾਂ ਦੀ ਵਰਤੋਂ ਹੋਈ ਸੀ।

ਅਭਿਜੀਤ ਦੀਪਕੇ ਮੁਤਾਬਕ ਉਨ੍ਹਾਂ ਦੀ ਇਹ ਮੁਹਿੰਮ ਇਸੇ ਵਿਵਾਦ ਤੋਂ ਪ੍ਰੇਰਿਤ ਸੀ। ਹਾਲਾਂਕਿ ਬਾਅਦ ਵਿੱਚਚੀਫ ਜਸਟਿਸ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਟਿੱਪਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ ਇਹ ਟਿੱਪਣੀ ਸਿਰਫ਼ ਕਾਨੂੰਨੀ ਖੇਤਰ ਵਿੱਚ ਜਾਅਲੀ ਜਾਂ ਗਲਤ ਡਿਗਰੀਆਂ ਨਾਲ ਦਾਖ਼ਲ ਹੋਣ ਵਾਲੇ ਲੋਕਾਂ ਲਈ ਸੀ।

ਪਹਿਲਾਂ ਵੀ ਮਿਲ ਚੁੱਕੀਆਂ ਸਨ ਧਮਕੀਆਂ

ਅਭਿਜੀਤ ਦੀਪਕੇ ਨੇ ਇਸ ਤੋਂ ਪਹਿਲਾਂ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਮੁਹਿੰਮ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ WhatsApp ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਉਨ੍ਹਾਂ ਨੇ ਕਥਿਤ ਧਮਕੀ ਭਰੇ ਸੁਨੇਹਿਆਂ ਦੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਕਿਹਾ ਸੀ ਕਿ ਉਨ੍ਹਾਂ ’ਤੇ ‘ਕਾਕਰੋਚ ਜਨਤਾ ਪਾਰਟੀ’ ਦਾ ਅਕਾਊਂਟ ਬੰਦ ਕਰਨ ਜਾਂ ਕਿਸੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਸੀ।

Share This Article
Leave a Comment