ਕੈਲੇਡਨ: ਕੈਨੇਡਾ ਵਿੱਚ ਹੋਈ ਇੱਕ ਦਰਦਨਾਕ ਗੋਲੀਬਾਰੀ ਨੇ ਸਿੱਧੂ ਪਰਿਵਾਰ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ। ਇਸ ਹਮਲੇ ਵਿੱਚ 57 ਸਾਲਾ ਜਗਤਾਰ ਸਿੰਘ ਸਿੱਧੂ ਅਤੇ 55 ਸਾਲਾ ਹਰਭਜਨ ਕੌਰ ਸਿੱਧੂ ਦੀ ਜਾਨ ਚਲੀ ਗਈ, ਜਦਕਿ ਉਨ੍ਹਾਂ ਦੀ ਧੀ ਜਸਪ੍ਰੀਤ ਕੌਰ ਗੰਭੀਰ ਜ਼ਖਮੀ ਹੋ ਗਈ। ਹੁਣ ਜਸਪ੍ਰੀਤ ਕੌਰ ਸਿੱਧੂ ਅਤੇ ਉਸ ਦਾ ਭਰਾ ਗੁਰਦਿੱਤ ਸਿੰਘ ਸਿੱਧੂ ਪੀਲ ਰੀਜਨਲ ਪੁਲਿਸ ਖ਼ਿਲਾਫ਼ 80 ਮਿਲੀਅਨ ਡਾਲਰ ਦੇ ਹਰਜਾਨੇ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜੇ ਪੁਲਿਸ ਨੇ ਸਮੇਂ ਸਿਰ ਸੰਭਾਵਿਤ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੁੰਦੀ ਤਾਂ ਇਹ ਤਰਾਸਦੀ ਟਾਲੀ ਜਾ ਸਕਦੀ ਸੀ।
ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਜਗਤਾਰ ਸਿੰਘ ਸਿੱਧੂ ਅਤੇ ਹਰਭਜਨ ਕੌਰ ਸਿੱਧੂ ਆਪਣੇ ਬੱਚਿਆਂ ਨੂੰ ਮਿਲਣ ਲਈ ਕੈਨੇਡਾ ਆਏ ਹੋਏ ਸਨ। ਉਹ ਕੈਲੇਡਨ ਵਿੱਚ ਕਿਰਾਏ ਦੇ ਇੱਕ ਘਰ ਵਿੱਚ ਰਹਿ ਰਹੇ ਸਨ। ਸਾਲ 2023 ਦੌਰਾਨ ਪੀਲ ਰੀਜਨਲ ਪੁਲਿਸ ਦੇ ਅਧਿਕਾਰੀ ਉਸ ਘਰ ਪਹੁੰਚੇ ਅਤੇ ‘ਬੌਬੀ’ ਨਾਮ ਦੇ ਇੱਕ ਵਿਅਕਤੀ ਬਾਰੇ ਪੁੱਛਗਿੱਛ ਕੀਤੀ। ਪਰਿਵਾਰ ਨੇ ਦੱਸਿਆ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਜਾਣਦੇ। ਪੁਲਿਸ ਕੁਝ ਸਮਾਂ ਉੱਥੇ ਰਹਿਣ ਮਗਰੋਂ ਵਾਪਸ ਚਲੀ ਗਈ।
ਪਰਿਵਾਰ ਦਾ ਦਾਅਵਾ ਹੈ ਕਿ ਇਸ ਮੁਲਾਕਾਤ ਤੋਂ ਸਿਰਫ਼ ਚਾਰ ਦਿਨ ਬਾਅਦ ਹਮਲਾਵਰਾਂ ਨੇ ਘਰ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿੱਚ 57 ਸਾਲਾ ਜਗਤਾਰ ਸਿੰਘ ਅਤੇ 55 ਸਾਲਾ ਹਰਭਜਨ ਕੌਰ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਧੀ ਜਸਪ੍ਰੀਤ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ 13 ਗੋਲੀਆਂ ਲੱਗੀਆਂ ਸਨ।
ਦੂਜੇ ਪਾਸੇ ਅਮਰੀਕਾ ਵਿੱਚ ਚੱਲ ਰਹੇ ਇੱਕ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲਾ ਕਥਿਤ ਨਸ਼ਾ ਤਸਕਰ ਰਾਯਨ ਵੈਡਿੰਗ ਵੱਲੋਂ ਕੋਕੀਨ ਦੀ ਖੇਪ ਚੋਰੀ ਹੋਣ ਦੇ ਬਦਲੇ ਵਜੋਂ ਕਰਵਾਇਆ ਗਿਆ ਸੀ। ਉਸ ਮੁਕੱਦਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਪਰਿਵਾਰ ਕਿਸੇ ਹੋਰ ਦੇ ਭੁਲੇਖੇ ਇਸ ਹਮਲੇ ਦਾ ਸ਼ਿਕਾਰ ਬਣਿਆ।
ਸੀਬੀਸੀ ਦੀ ਰਿਪੋਰਟ ਮੁਤਾਬਕ ਸਿੱਧੂ ਪਰਿਵਾਰ ਵੱਲੋਂ ਦਾਇਰ ਕੀਤੇ ਗਏ ਕੇਸ ਵਿੱਚ ਕਿਹਾ ਗਿਆ ਹੈ ਕਿ ਇਹ ਹਾਦਸਾ ਰੋਕਿਆ ਜਾ ਸਕਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੂੰ ਜਾਂ ਤਾਂ ਪਤਾ ਸੀ ਜਾਂ ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਕੈਲੇਡਨ ਵਾਲੇ ਘਰ ਵਿੱਚ ਰਹਿ ਰਹੇ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਪਰ ਇਸ ਬਾਰੇ ਕੋਈ ਚਿਤਾਵਨੀ ਨਹੀਂ ਦਿੱਤੀ ਗਈ।
ਹਾਲਾਂਕਿ ਪੀਲ ਰੀਜਨਲ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਕੋਈ ਗ਼ਲਤੀ ਨਹੀਂ ਕੀਤੀ। ਪੁਲਿਸ ਮੁਤਾਬਕ ਜਦੋਂ ਅਧਿਕਾਰੀ ਉਸ ਘਰ ਵਿੱਚ ਗਏ ਸਨ ਤਾਂ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਸੀ ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਉੱਥੇ ਰਹਿਣ ਵਾਲਿਆਂ ਦੀ ਜਾਨ ਨੂੰ ਕੋਈ ਖ਼ਤਰਾ ਹੈ।
ਪੁਲਿਸ ਦਾ ਕੀ ਕਹਿਣਾ?
ਮੁਕੱਦਮੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿਸ ਘਰ ਵਿੱਚ ਪੁਲਿਸ ਪੁੱਛਗਿੱਛ ਲਈ ਪਹੁੰਚੀ ਸੀ, ਉਸ ਨੂੰ ਰਾਯਨ ਵੈਡਿੰਗ ਦੇ ਕਥਿਤ ਸਾਥੀ ਬੌਬੀ ਨਾਲ ਜੋੜਿਆ ਜਾ ਰਿਹਾ ਸੀ। ਪਰ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਇਸ ਸਬੰਧੀ ਡੂੰਘਾਈ ਨਾਲ ਜਾਂਚ ਕਰਨ ਵਿੱਚ ਅਸਫਲ ਰਹੀ। ਉਨ੍ਹਾਂ ਦਾ ਮੰਨਣਾ ਹੈ ਕਿ ਸੰਭਾਵਿਤ ਖ਼ਤਰੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਨੂੰ ਸੁਚੇਤ ਨਹੀਂ ਕੀਤਾ।
ਉੱਧਰ ਪੁਲਿਸ ਦਾ ਕਹਿਣਾ ਹੈ ਕਿ ਬੌਬੀ ਦੀ ਭਾਲ ਇਸ ਲਈ ਕੀਤੀ ਜਾ ਰਹੀ ਸੀ ਕਿਉਂਕਿ ਕੁਝ ਹਫ਼ਤੇ ਪਹਿਲਾਂ ਉਸ ਦੇ ਘਰ ਅਤੇ ਉਸ ਦੇ ਇੱਕ ਦੋਸਤ ਦੇ ਘਰ ‘ਤੇ ਗੋਲੀਬਾਰੀ ਹੋਈ ਸੀ। ਜਾਂਚ ਦੌਰਾਨ ਇਹ ਮਾਮਲੇ ਮਿਸੀਸਾਗਾ ਦੇ ਇੱਕ ਉਦਯੋਗਿਕ ਕੰਪਲੈਕਸ ਵਿੱਚ ਹੋਏ ਕਤਲ ਨਾਲ ਜੁੜੇ ਹੋਏ ਨਜ਼ਰ ਆਏ। ਕੈਲੇਡਨ ਵਾਲਾ ਘਰ ਉਸ ਕੰਪਨੀ ਦੇ ਪਤੇ ਨਾਲ ਸੰਬੰਧਤ ਦਿਖਾਈ ਦਿੱਤਾ ਜਿੱਥੇ ਮਾਰਿਆ ਗਿਆ ਵਿਅਕਤੀ ਕੰਮ ਕਰਦਾ ਸੀ।
ਜਸਪ੍ਰੀਤ ਕੌਰ ‘ਤੇ ਇਸ ਹਮਲੇ ਦੇ ਪ੍ਰਭਾਵ ਅੱਜ ਵੀ ਸਪੱਸ਼ਟ ਹਨ। ਉਸ ਦੇ ਸਰੀਰ ਦੇ ਕਈ ਹਿੱਸਿਆਂ, ਗਰਦਨ ਤੋਂ ਲੈ ਕੇ ਲੱਤਾਂ ਤੱਕ, ਗੋਲੀਆਂ ਲੱਗੀਆਂ ਸਨ। ਉਸ ਨੂੰ ਕਈ ਮਹੀਨੇ ਹਸਪਤਾਲ ਵਿੱਚ ਇਲਾਜ ਅਧੀਨ ਰਹਿਣਾ ਪਿਆ। ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ 18 ਘੰਟਿਆਂ ਤੱਕ ਚੱਲਣ ਵਾਲਾ ਆਪ੍ਰੇਸ਼ਨ ਕੀਤਾ। ਇਸ ਦੇ ਬਾਵਜੂਦ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਫਸੀ ਇੱਕ ਗੋਲੀ ਅਜੇ ਤੱਕ ਨਹੀਂ ਕੱਢੀ ਜਾ ਸਕੀ।
ਹਮਲੇ ਤੋਂ ਬਾਅਦ ਜਸਪ੍ਰੀਤ ਕੌਰ ਮੁੜ ਕੰਮ ‘ਤੇ ਨਹੀਂ ਜਾ ਸਕੀ। ਉਹ ਨਰਵ ਡੈਮੇਜ ਸਮੇਤ ਕਈ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਸੇ ਦੌਰਾਨ, ਆਪਣੇ ਮਾਪਿਆਂ ਨੂੰ ਗੁਆ ਚੁੱਕੇ ਜਸਪ੍ਰੀਤ ਅਤੇ ਗੁਰਦਿੱਤ ਇਨਸਾਫ਼ ਦੀ ਉਡੀਕ ਕਰ ਰਹੇ ਹਨ, ਜਦਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਦੋਸ਼ੀ ਠਹਿਰਾਇਆ ਨਹੀਂ ਗਿਆ।

