ਲੁਧਿਆਣਾ : ਦੇਸ਼ ’ਚ ਕਰੀਬ 16 ਸਾਲ ਦੇ ਵਕਫ਼ੇ ਮਗਰੋਂ ਜਨਗਣਨਾ ਕਰਵਾਈ ਜਾ ਰਹੀ ਹੈ । ਪਹਿਲੇ ਪੜਾਅ ਤਹਿਤ ਘਰ-ਬਾਰ ਬਾਰੇ 15 ਮਈ ਤੋਂ 13 ਜੂਨ ਤੱਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਜਦਕਿ ਦੂਜਾ ਪੜਾਅ ਅਗਲੇ ਵਰ੍ਹੇ ਪਹਿਲੀ ਫਰਵਰੀ ਤੋਂ 28 ਫਰਵਰੀ ਤੱਕ ਚੱਲੇਗਾ।
ਪੰਜਾਬ ਵਿੱਚ ਜਨਗਣਨਾ ਦਾ ਪਹਿਲਾ ਪੜਾਅ 15 ਮਈ, 2026 ਤੋਂ ਸ਼ੁਰੂ ਹੋ ਚੁੱਕਾ ਹੈ ਪਰ ਇਸੇ ਦੌਰਾਨ ਲੁਧਿਆਣਾ ਤੋਂ ਇਕ ਹੈਰਾਨੀਜਨਕ ਮਾਮਲਾ ਵੀ ਸਾਹਮਣੇ ਆਇਆ ਹੈ। ਅੱਤ ਦੀ ਗਰਮੀ ਦੌਰਾਨ ਜਨਗਣਨਾ ਡਿਊਟੀ ਦੌਰਾਨ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕ ਨੂੰ ਲਕਵੇ/ਅਧਰੰਗ ਦਾ ਅਟੈਕ ਆਉਣ ਦੀ ਖਬਰ ਸਾਹਮਣੇ ਆਈ ।
ਜਾਣਕਾਰੀ ਅਨੁਸਾਰ, ਸਰਕਾਰੀ ਪ੍ਰਾਇਮਰੀ ਸਕੂਲ ਇੰਦਰਾਪੁਰੀ ਵਿਖੇ ਤਾਇਨਾਤ ਅਧਿਆਪਕ ਰਾਮ ਸਿੰਘ, ਭਾਮੀਆਂ ਕਲਾਂ ਇਲਾਕੇ ਵਿੱਚ ਜਨਗਣਨਾ ਡਿਊਟੀ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਸੜਕ ਕਿਨਾਰੇ ਡਿੱਗ ਪਏ। ਮੁੱਖ ਰੂਪ ਵਿੱਚ ਮੋਗਾ ਦੇ ਰਹਿਣ ਵਾਲੇ ਰਾਮ ਸਿੰਘ ਦੀ ਡਿਊਟੀ ਲੁਧਿਆਣਾ ਵਿੱਚ ਲਗਾਈ ਗਈ ਸੀ।
ਸਕੂਲ ਦੇ ਹੀ ਇਕ ਹੋਰ ਅਧਿਆਪਕ ਪਾਸੀ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਸਥਾਨਕ ਲੋਕਾਂ ਨੂੰ ਲੱਗਿਆ ਕਿ ਅਧਿਆਪਕ ਬੇਹੋਸ਼ੀ ਦੀ ਹਾਲਤ ਵਿੱਚ ਹਨ। ਬਾਅਦ ਵਿੱਚ ਇਲਾਕੇ ਦੇ ਇੱਕ ਬੱਚੇ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਨੇੜੇ ਹੀ ਰਹਿਣ ਵਾਲੇ ਦੂਜੇ ਅਧਿਆਪਕ ਨੂੰ ਇਸ ਦੀ ਸੂਚਨਾ ਦਿੱਤੀ। ਸੁਪਰਵਾਈਜ਼ਰ ਨਾਲ ਵੀ ਸੰਪਰਕ ਕੀਤਾ ਗਿਆ। ਪਾਸੀ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਤੋਂ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਰਾਮ ਸਿੰਘ ਦੀ ਹਾਲਤ ਗੰਭੀਰ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਪਹਿਲਾਂ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ADC (ਜਨਰਲ)-ਕਮ-ਵਧੀਕ ਜ਼ਿਲ੍ਹਾ ਜਨਗਣਨਾ ਅਫ਼ਸਰ ਪੂਨਮ ਸਿੰਘ ਨੇ ਜਨਗਣਨਾ ਡਿਊਟੀ ਵਿੱਚ ਲੱਗੇ ਕਰਮਚਾਰੀਆਂ ਲਈ ਕੰਟਰੋਲ ਰੂਮ ਸਥਾਪਿਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪ੍ਰਸ਼ਾਸਨ ਮੁਤਾਬਕ ਕੰਟਰੋਲ ਰੂਮ ਫੀਲਡ ਸਟਾਫ਼ ਨੂੰ ਤੁਰੰਤ ਸਹਾਇਤਾ, ਮਾਰਗਦਰਸ਼ਨ ਅਤੇ ਐਮਰਜੈਂਸੀ ਮਦਦ ਮੁਹੱਈਆ ਕਰਵਾਉਣਗੇ। ਇਸ ਦੇ ਨਾਲ ਹੀ ਸਾਰੇ SDM’s ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਇਸ ਦੀ ਨਿਗਰਾਨੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

