ਨਵੀ ਦਿੱਲੀ : ਦਿੱਲੀ-ਐੱਨ.ਸੀ.ਆਰ ਦੇ ਲੋਕਾਂ ਨੂੰ ਅੱਜ ਤੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ’ (AIMTC) ਅਤੇ ‘ਯੂਨਾਈਟਿਡ ਫਰੰਟ ਆਫ਼ ਆਲ ਟ੍ਰਾਂਸਪੋਰਟ ਐਸੋਸੀਏਸ਼ਨ’ (UFTA) ਨੇ 21 ਤੋਂ 23 ਮਈ ਤੱਕ ‘ਚੱਕਾ ਜਾਮ’ ਦਾ ਐਲਾਨ ਕੀਤਾ ਹੈ। ਇਸ ਹੜਤਾਲ ਕਾਰਨ ਸਵੇਰੇ-ਸਵੇਰੇ ਦਫ਼ਤਰ ਜਾਣ ਵਾਲੇ ਨੌਕਰੀਪੇਸ਼ਾ ਲੋਕਾਂ, ਸਕੂਲੀ ਬੱਚਿਆਂ, ਰੇਲਵੇ ਸਟੇਸ਼ਨ ਅਤੇ ਏਅਰਪੋਰਟ ਜਾਣ ਵਾਲੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟ੍ਰਾਂਸਪੋਰਟਰ ਅੱਜ ਤੋਂ ਤਿੰਨ ਦਿਨਾਂ ਦੀ ਹੜਤਾਲ ਕਰਨਗੇ। 23 ਮਈ ਤੱਕ ਪ੍ਰਸਤਾਵਿਤ ਇਸ ਹੜਤਾਲ ਦਾ ਅਸਰ ਆਮ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ‘ਤੇ ਪੈ ਸਕਦਾ ਹੈ। ਦਿੱਲੀ, ਐੱਨ.ਸੀ. ਆਰ ਅਤੇ ਆਸ-ਪਾਸ ਦੇ ਰਾਜਾਂ ਵਿੱਚ ਵਪਾਰਕ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਸਬਜ਼ੀ, ਦੁੱਧ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਵਿੱਚ ਵਿਘਨ ਪੈਣ ਦਾ ਖ਼ਦਸ਼ਾ ਹੈ। AIMTC ਨੇ ਦਿੱਲੀ ਵਿੱਚ ਵਪਾਰਕ ਵਾਹਨਾਂ ‘ਤੇ ਵਧਾਏ ਗਏ ਗ੍ਰੀਨ ਟੈਕਸ ਅਤੇ ਬੀਐੱਸ-4 (BS-IV) ਵਾਹਨਾਂ ਦੇ ਦਾਖਲੇ ‘ਤੇ ਲਗਾਈ ਗਈ ਪਾਬੰਦੀ ਦੇ ਵਿਰੋਧ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ।
ਟ੍ਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਹੜਤਾਲ ਦੌਰਾਨ ਵਾਹਨ ਜਿੱਥੇ ਹੋਣਗੇ, ਉੱਥੇ ਹੀ ਖੜ੍ਹੇ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅੰਦੋਲਨ ਨੂੰ ਹੋਰ ਵੱਡਾ ਕੀਤਾ ਜਾਵੇਗਾ।
ਅਨੁਮਾਨ ਹੈ ਕਿ ਹੜਤਾਲ ਨਾਲ ਹਰ ਰੋਜ਼ 25 ਤੋਂ 30 ਹਜ਼ਾਰ ਵਪਾਰਕ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਨ੍ਹਾਂ ਵਿੱਚੋਂ 7 ਤੋਂ 10 ਹਜ਼ਾਰ ਵਾਹਨ ਖਾਣ-ਪੀਣ ਦੇ ਸਾਮਾਨ, ਡੇਅਰੀ ਉਤਪਾਦਾਂ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਢੋਆ-ਢੁਆਈ ਕਰਦੇ ਹਨ। ਅਜਿਹੇ ਵਿੱਚ ਜੇਕਰ ਹੜਤਾਲ ਪੂਰੀ ਤਰ੍ਹਾਂ ਸਫਲ ਰਹੀ, ਤਾਂ ਮੰਡੀਆਂ ਤੋਂ ਲੈ ਕੇ ਪ੍ਰਚੂਨ ਬਾਜ਼ਾਰ ਤੱਕ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

