17 ਹਜ਼ਾਰ ਦਾ ਫੋਨ 21 ਹਜ਼ਾਰ ‘ਚ ਖਰੀਦ ਰਹੀ ਪਾਵਰਕੌਮ? ਮੋਬਾਈਲ ਖਰੀਦ ‘ਤੇ ED ਦੀ ਰਡਾਰ? 34 ਕਰੋੜ ਦੇ ਟੈਂਡਰ ‘ਤੇ ਉੱਠੇ ਸਵਾਲ

Global Team
3 Min Read

ਚੰਡੀਗੜ੍ਹ : ਪੰਜਾਬ ਵਿੱਚ ਕਰੋੜਾਂ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਦਾਇਰੇ ਵਿੱਚ ਹੁਣ ਪਾਵਰਕੌਮ ਵੱਲੋਂ ਹਾਲ ਹੀ ਵਿੱਚ ਬਹੁਤ ਹੀ ਫੁਰਤੀ ਨਾਲ ਖ਼ਰੀਦੇ ਗਏ ਹਜ਼ਾਰਾਂ ਮੋਬਾਈਲ ਹੈਂਡਸੈੱਟਾਂ ਦਾ ਮਾਮਲਾ ਆਉਣ ਦੀ ਸੰਭਾਵਨਾ ਹੈ।

ਦਰਅਸਲ, ਈਡੀ ਪਹਿਲਾਂ ਹੀ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਕੰਪਨੀ ਵੱਲੋਂ ਕੀਤੇ ਗਏ 157 ਕਰੋੜ ਰੁਪਏ ਦੇ ਮੋਬਾਈਲ ਫ਼ੋਨਾਂ ਦੇ ਕਾਰੋਬਾਰ ਦੀ ਛਾਣਬੀਣ ਕਰ ਰਹੀ ਹੈ, ਜਿਸ ਵਿੱਚੋਂ 102 ਕਰੋੜ ਰੁਪਏ ਦੇ ਮੋਬਾਈਲ ਫ਼ੋਨ ਵਿਦੇਸ਼ ਭੇਜੇ ਗਏ ਸਨ। ਇਸੇ ਦੌਰਾਨ ਹੁਣ ਪਾਵਰਕੌਮ ਵੱਲੋਂ ਕੀਤੀ ਗਈ ਮੋਬਾਈਲਾਂ ਦੀ ਥੋਕ ਖ਼ਰੀਦ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਦੂਜੇ ਪਾਸੇ, ਪਾਵਰਕੌਮ ਦੀਆਂ ਕਈ ਜਥੇਬੰਦੀਆਂ ਦੇ ਆਗੂਆਂ ਨੇ ਇਹ ਮੋਬਾਈਲ ਫ਼ੋਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਫੁਰਤੀ ਨਾਲ ਦਿੱਤੇ ਗਏ ਕਰੋੜਾਂ ਦੇ ਆਰਡਰ

ਮਿਲੀ ਜਾਣਕਾਰੀ ਮੁਤਾਬਕ ਪਾਵਰਕੌਮ ਵੱਲੋਂ ਕੁੱਲ 15,600 ਮੋਬਾਈਲ ਫ਼ੋਨਾਂ ਦਾ ਆਰਡਰ ਦਿੱਤਾ ਗਿਆ ਹੈ, ਪਹਿਲਾ ਆਰਡਰ 17 ਅਪਰੈਲ ਨੂੰ 12,000 ਮੋਬਾਈਲ ਹੈਂਡਸੈੱਟਾਂ ਲਈ 26.16 ਕਰੋੜ ਰੁਪਏ ਦਾ ਆਰਡਰ ਦਿੱਤਾ ਗਿਆ।
ਤਤਕਾਲੀ ਬਿਜਲੀ ਮੰਤਰੀ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਹੀ 14 ਮਈ ਨੂੰ 3,600 ਹੋਰ ਮੋਬਾਈਲਾਂ ਦਾ 7.84 ਕਰੋੜ ਰੁਪਏ ਦਾ ਦੂਜਾ ਆਰਡਰ ਜਾਰੀ ਕੀਤਾ ਗਿਆ।

ਇਹ ਟੈਂਡਰ ਪੰਜਾਬ ਸਰਕਾਰ ਦੀ ਈ-ਪ੍ਰੋਕਿਓਰਮੈਂਟ ਸਾਈਟ ‘ਤੇ ਪ੍ਰਕਾਸ਼ਿਤ ਕੀਤੇ ਗਏ ਸਨ। ਇਸ ਵਿੱਚ ਚਾਰ ਬੋਲੀਕਾਰਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ ਇੱਕ ਫ਼ਰਮ ਅਯੋਗ ਹੋ ਗਈ। ਬਾਕੀ ਤਿੰਨ ਫ਼ਰਮਾਂ ਵਿੱਚੋਂ ਪੰਚਕੂਲਾ ਸਥਿਤ ਇੱਕ ਡੀਲਰ ਨੂੰ ਰਿਵਰਸ ਨਿਲਾਮੀ (Reverse Auction) ਰਾਹੀਂ ਚੁਣਿਆ ਗਿਆ। ਪਾਵਰਕੌਮ ਵੱਲੋਂ ਪ੍ਰਤੀ ਮੋਬਾਈਲ ਸੈੱਟ ਦੀ ਕੀਮਤ 21,800 ਰੁਪਏ ਤੈਅ ਕੀਤੀ ਗਈ ਹੈ।

ਕੀਮਤਾਂ ਨੂੰ ਲੈ ਕੇ ਵਿਵਾਦ: ਜਥੇਬੰਦੀਆਂ ਨੇ ਚੁੱਕੇ ਸਵਾਲ

ਇਹ ਮੋਬਾਈਲ ਫ਼ੋਨ ਪਾਵਰਕੌਮ ਦੇ ਮੁਲਾਜ਼ਮਾਂ (ਲਾਈਨਮੈਨਾਂ) ਲਈ ਖ਼ਰੀਦੇ ਜਾ ਰਹੇ ਹਨ ਅਤੇ ਸੂਤਰਾਂ ਮੁਤਾਬਕ ਉਨ੍ਹਾਂ ਨੂੰ Samsung A07 ਹੈਂਡਸੈੱਟ ਦੀ ਪੇਸ਼ਕਸ਼ ਕੀਤੀ ਗਈ ਹੈ।
ਜਥੇਬੰਦੀਆਂ ਦੇ ਆਗੂਆਂ ਦਾ ਦੋਸ਼ ਹੈ ਕਿ ਇਹੋ ਮੋਬਾਈਲ ਫ਼ੋਨ ਆਨਲਾਈਨ ਪਲੈਟਫਾਰਮਾਂ ‘ਤੇ ਮਹਿਜ਼ 17,499 ਰੁਪਏ ਵਿੱਚ ਉਪਲਬਧ ਹੈ। ਅਜਿਹੇ ਵਿੱਚ ਸਰਕਾਰੀ ਪੱਧਰ ‘ਤੇ ਪ੍ਰਤੀ ਫ਼ੋਨ ਲਗਭਗ 4,300 ਰੁਪਏ ਵੱਧ ਕਿਉਂ ਦਿੱਤੇ ਜਾ ਰਹੇ ਹਨ?

ਅਧਿਕਾਰੀਆਂ ਨੇ ਦਿੱਤੀ ਸਫ਼ਾਈ

ਇਸ ਪੂਰੇ ਵਿਵਾਦ ਅਤੇ ਕੀਮਤ ਦੇ ਫ਼ਰਕ ਬਾਰੇ ਪਾਵਰਕੌਮ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਕੀਮਤ ਵਿੱਚ ਇਹ ਫ਼ਰਕ ਇਸ ਲਈ ਹੋ ਸਕਦਾ ਹੈ ਕਿਉਂਕਿ ਮੋਬਾਈਲ ਸਪਲਾਈ ਕਰਨ ਵਾਲੇ ਪ੍ਰੋਵਾਈਡਰ ਨੇ ਫ਼ੋਨਾਂ ਦੇ ਨਾਲ ‘ਮੋਬਾਈਲ ਡਿਵਾਈਸ ਪ੍ਰਬੰਧਨ ਸਿਸਟਮ’ (Mobile Device Management System) ਵੀ ਸਥਾਪਤ ਕਰਕੇ ਦੇਣਾ ਹੈ।

ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪਾਵਰਕੌਮ ਦੇ ਅੰਦਰੂਨੀ ਹਲਕਿਆਂ ਅਤੇ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਦੇਖਣਾ ਹੋਵੇਗਾ ਕਿ ਈਡੀ ਦੀ ਜਾਂਚ ਦੀ ਸੂਈ ਇਸ ਖ਼ਰੀਦ ਵੱਲ ਕਿਸ ਤਰ੍ਹਾਂ ਘੁੰਮਦੀ ਹੈ।

Share This Article
Leave a Comment