ਲੱਖਾਂ ਲੋਕਾਂ ਲਈ ਮਿਸਾਲ ਬਣੀ 61 ਸਾਲਾ ‘ਦਾਦੀ’! 77% ਅੰਕਾਂ ਨਾਲ ਪਾਸ ਕੀਤੀ 10ਵੀਂ ਦੀ ਬੋਰਡ ਪ੍ਰੀਖਿਆ

Global Team
2 Min Read

ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ‘ਚ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ।ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਇਸ ਵਾਰ ਇੱਕ ਅਜਿਹੀ ਪ੍ਰੇਰਣਾਦਾਇਕ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।

ਨਕੋਦਰ ਦੇ ਪਿੰਡ ਸਰਹਾਲੀ ਦੀ ਰਹਿਣ ਵਾਲੀ 61 ਸਾਲਾ ਨਰਿੰਦਰ ਕੌਰ ਨੇ ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਓਪਨ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਪਾਸ ਕਰਕੇ 650 ਵਿੱਚੋਂ 500 ਅੰਕ ਹਾਸਲ ਕੀਤੇ ਹਨ। ਉਨ੍ਹਾਂ ਨੇ ਲਗਭਗ 77 ਫ਼ੀਸਦੀ ਅੰਕ ਪ੍ਰਾਪਤ ਕੀਤੇ। ਦੋ ਪੋਤਿਆਂ ਦੀ ਦਾਦੀ ਬਣ ਚੁੱਕੀ ਨਰਿੰਦਰ ਕੌਰ ਨੇ ਜ਼ਿੰਦਗੀ ਦੇ 61ਵੇਂ ਸਾਲ ਵਿੱਚ ਇਹ ਉਪਲਬਧੀ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ।

ਨਰਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ, ਉਸ ਸਮੇਂ ਲੜਕੀਆਂ ਦੀ ਉੱਚ ਸਿੱਖਿਆ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ, ਪਰ ਉਨ੍ਹਾਂ ਨੇ ਆਪਣੀ ਪੜ੍ਹਾਈ ਦਾ ਸੁਪਨਾ ਕਦੇ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦਾ ਹੌਸਲਾ ਵਧਾਇਆ। ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਨਰਿੰਦਰ ਕੌਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਯਾਦਗਾਰ ਪਲ ਹੈ। ਹੁਣ ਨਰਿੰਦਰ ਕੌਰ ਦੀ ਇੱਛਾ ਹੈ ਕਿ ਉਹ ਅੱਗੇ ਵੀ ਆਪਣੀ ਪੜ੍ਹਾਈ ਜਾਰੀ ਰੱਖਣਗੇ।

ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ਵਿੱਚੋਂ ਇੱਕ ਅਮਰੀਕਾ ਅਤੇ ਦੂਜਾ ਕੈਨੇਡਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਹੁਣ ਨਰਿੰਦਰ ਕੌਰ ਦੀ ਇੱਛਾ 12ਵੀਂ ਪਾਸ ਕਰਨ ਅਤੇ ਉਸ ਤੋਂ ਬਾਅਦ ਬੀ.ਏ. (BA) ਦੀ ਪੜ੍ਹਾਈ ਪੂਰੀ ਕਰਨ ਦੀ ਹੈ। ਉਨ੍ਹਾਂ ਦੀ ਮਿਹਨਤ ਅਤੇ ਜਜ਼ਬੇ ਦੀ ਕਹਾਣੀ ਅੱਜ ਹਜ਼ਾਰਾਂ ਲੋਕਾਂ ਲਈ ਪ੍ਰੇਰਣਾ ਬਣ ਗਈ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment