ਨਿਊਜ਼ ਡੈਸਕ : ਗੁਰਦਾਸਪੁਰ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋਹਰੇ ਕਤਲ ਦਾ ਦਿਲ ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਅਤੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ।ਸੂਚਨਾ ਮਿਲਣ ‘ਤੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮੁਲਜ਼ਮ ਭਰਾ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੂਰਾ ਮਾਮਲਾ ਪੁਰਖੀ ਜ਼ਮੀਨ ਦੀ ਵੰਡ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਨੈਨੇਕੋਟ ਵਿੱਚ ਮੰਗਲਵਾਰ ਰਾਤ ਨੂੰ ਵਾਪਰੀ। ਭਰਾ ਨੂੰ ਸੈਰ ਕਰਦੇ ਸਮੇਂ ਪਿੰਡ ਦੇ ਬਾਹਰ ਰਸਤੇ ਵਿੱਚ ਅਤੇ ਉਸ ਦੀ ਪਤਨੀ ਨੂੰ ਘਰ ਵਿੱਚ ਵੜ ਕੇ ਗੋਲੀ ਮਾਰੀ ਗਈ ।ਮ੍ਰਿਤਕਾਂ ਦੀ ਪਛਾਣ ਅਜਾਇਬ ਸਿੰਘ (52) ਅਤੇ ਉਨ੍ਹਾਂ ਦੀ ਪਤਨੀ ਕਮਲ ਕੌਰ (50) ਵਜੋਂ ਹੋਈ ਹੈ। ਇਨ੍ਹਾਂ ਦੇ ਕਤਲ ਦੇ ਦੋਸ਼ ਵਿੱਚ ਵੱਡੇ ਭਰਾ ਅਮਰਜੀਤ ਸਿੰਘ ਉਰਫ਼ ਅੰਬਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਅਨੁਸਾਰ, ਅਜਾਇਬ ਸਿੰਘ ਦੇ ਵੱਡੇ ਭਰਾ ਅਮਰਜੀਤ ਸਿੰਘ ਉਰਫ਼ ਅੰਬਾ ਨੇ ਆਪਣੀ ਰਿਵਾਲਵਰ ਨਾਲ ਇਸ ਦੋਹਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ। ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਨ੍ਹਾਂ ਭਰਾਵਾਂ ਵਿਚਕਾਰ ਜ਼ਮੀਨ-ਜਾਇਦਾਦ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਹ ਪਰਿਵਾਰ ਟਾਟਾ ਨਗਰ (ਝਾਰਖੰਡ) ਤੋਂ ਆਪਣੇ ਪੁਰਖੀ ਪਿੰਡ ਨੈਨੇਕੋਟ ਆ ਕੇ ਵੱਖ-ਵੱਖ ਮੁਹੱਲਿਆਂ ਵਿੱਚ ਰਹਿ ਰਿਹਾ ਸੀ।ਪਿਛਲੇ ਇੱਕ ਸਾਲ ਤੋਂ ਪਿੰਡ ਦੀ 9 ਕਿੱਲੇ ਜ਼ਮੀਨ ਦੀ ਵੰਡ ਨੂੰ ਲੈ ਕੇ ਕਈ ਵਾਰ ਪੰਚਾਇਤ ਬੁਲਾਈ ਗਈ, ਪਰ ਇੱਕ ਧਿਰ ਦੇ ਮੁਕਰ ਜਾਣ ਕਾਰਨ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ।
ਰੰਜਿਸ਼ ਦੇ ਚੱਲਦਿਆਂ ਅਮਰਜੀਤ ਸਿੰਘ ਨੇ ਮੰਗਲਵਾਰ ਦੇਰ ਸ਼ਾਮ ਪਿੱਛਾ ਕਰਦੇ ਹੋਏ ਦੋਵਾਂ ਦਾ ਕਤਲ ਕਰ ਦਿੱਤਾ। ਉਸ ਨੇ ਪਹਿਲਾਂ ਭਰਾ ਅਜਾਇਬ ਸਿੰਘ ਦਾ ਪਿੱਛਾ ਕਰਕੇ ਉਸ ਦਾ ਕਤਲ ਪਿੰਡ ਦੇ ਬਾਹਰ ਇੱਕ ਪੋਲਟਰੀ ਫਾਰਮ ਦੇ ਰਸਤੇ ਵਿੱਚ ਗੋਲੀ ਮਾਰ ਕੇ ਕੀਤਾ। ਅਜਾਇਬ ਸਿੰਘ ਉਸ ਸਮੇਂ ਸੈਰ ਕਰ ਰਹੇ ਸਨ। ਜਦਕਿ, ਆਪਣੀ ਹੀ ਭਾਬੀ ਕਮਲ ਕੌਰ ਦਾ ਕਤਲ ਮੁਲਜ਼ਮ ਨੇ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰ ਕੇ ਕੀਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੈਣੀ ਮੀਆਂ ਖਾਂ ਦੇ ਮੁੱਖ ਅਫ਼ਸਰ ਗੁਰਨਾਮ ਸਿੰਘ ਅਤੇ ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਦੋਹਰਾ ਕਤਲ ਕਾਂਡ ਜ਼ਮੀਨੀ ਵਿਵਾਦ ਕਾਰਨ ਹੋਇਆ ਹੈ।

