ਅਮਰੀਕਾ : ਈਰਾਨ ਸੰਕਟ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਨ ਯਾਤਰਾ ਕਾਫ਼ੀ ਅਹਿਮ ਮੰਨੀ ਜਾ ਹੈ। ਇਹ ਹਾਈ-ਪ੍ਰੋਫਾਈਲ ਯਾਤਰਾ 13 ਤੋਂ 15 ਮਈ ਦੇ ਵਿਚਕਾਰ ਨਿਰਧਾਰਤ ਹੈ। ਇਸ ਦੌਰਾਨ ਟਰੰਪ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕਰਨਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਚੀਨ ਦੌਰੇ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਯਾਤਰਾ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਕੁਝ ਵੱਡੀਆਂ ਅਤੇ ਸਕਾਰਾਤਮਕ ਚੀਜ਼ਾਂ ਹੋਣ ਜਾ ਰਹੀਆਂ ਹਨ।
ਰਾਸ਼ਟਰਪਤੀ ਟਰੰਪ ਅੱਜ ਬੁੱਧਵਾਰ ਨੂੰ ਬੀਜਿੰਗ ਪਹੁੰਚਣਗੇ, ਜਿੱਥੇ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਪਾਰ, ਟੈਰਿਫ, ਈਰਾਨ ਜੰਗ ਅਤੇ ਪੱਛਮੀ ਏਸ਼ੀਆ ਦੀ ਸੁਰੱਖਿਆ ਸਥਿਤੀ ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕਰਨਗੇ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਇਹ ਚੀਨ ਯਾਤਰਾ ਉਨ੍ਹਾਂ ਦੇ ਪਹਿਲੇ ਕਾਰਜਕਾਲ ਤੋਂ ਬਾਅਦ ਦੂਜੀ ਅਧਿਕਾਰਤ ਯਾਤਰਾ ਹੋਵੇਗੀ। ਟਰੰਪ ਦੀ ਇਸ ਯਾਤਰਾ ਨੂੰ ਅਮਰੀਕਾ-ਚੀਨ ਸਬੰਧਾਂ ਵਿੱਚ ਤਣਾਅ ਘਟਾਉਣ ਦੀ ਦਿਸ਼ਾ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਅਮਰੀਕੀ ਡਿਪਟੀ ਪ੍ਰੈੱਸ ਸਕੱਤਰ ਐਨਾ ਕੇਲੀ ਨੇ ਜਾਣਕਾਰੀ ਦਿੱਤੀ ਕਿ ਡੋਨਾਲਡ ਟਰੰਪ ਬੁੱਧਵਾਰ ਸ਼ਾਮ ਨੂੰ ਬੀਜਿੰਗ ਪਹੁੰਚਣਗੇ ਅਤੇ ਵੀਰਵਾਰ ਨੂੰ ਸਵਾਗਤੀ ਸਮਾਰੋਹ ਅਤੇ ਦੁਵੱਲੀ ਬੈਠਕ ਵਿੱਚ ਹਿੱਸਾ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਆਗੂ ਸ਼ੁੱਕਰਵਾਰ ਨੂੰ ਚਾਹ ਅਤੇ ਦੁਪਹਿਰ ਦੇ ਖਾਣੇ ‘ਤੇ ਫਿਰ ਮਿਲਣਗੇ ਅਤੇ ਅਮਰੀਕਾ ਬਾਅਦ ਵਿੱਚ ਚੀਨੀ ਰਾਸ਼ਟਰਪਤੀ ਦੀ ਜਵਾਬੀ ਯਾਤਰਾ ਦੀ ਮੇਜ਼ਬਾਨੀ ਕਰੇਗਾ।
ਟਰੰਪ ਦੀ ਇਸ ਯਾਤਰਾ ਨੂੰ ਲੈ ਕੇ ਕਾਫ਼ੀ ਉਤਸੁਕਤਾ ਅਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਦਾ ਉਦੇਸ਼ ਟੈਰਿਫ ਨੂੰ ਲੈ ਕੇ ਚੱਲ ਰਹੇ ਤਣਾਅ ਨੂੰ ਖ਼ਤਮ ਕਰਨਾ ਅਤੇ ਅਮਰੀਕਾ ਨੂੰ ਹੋਣ ਵਾਲੇ 525 ਅਰਬ ਡਾਲਰ ਤੋਂ ਵੱਧ ਦੇ ਨਿਰਯਾਤ ‘ਤੇ ਅਸਰ ਪਾਉਣ ਵਾਲੇ ਵਪਾਰਕ ਵਿਵਾਦ ਨੂੰ ਸੁਲਝਾਉਣਾ ਹੈ। ਟਰੰਪ 2017 ਵਿੱਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਚੀਨ ਆਏ ਸਨ।
ਮੀਡੀਆ ਰਿਪੋਰਟਸ ਮੁਤਾਬਿਕ ਦੋਵਾਂ ਦੇਸ਼ਾਂ ਦੇ ਵਿਚਕਾਰ ਮੁੱਖ ਤੌਰ ‘ਤੇ ਵਪਾਰ ਅਤੇ ਟੈਰਿਫ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਟੈਕਨਾਲੋਜੀ, ਤਾਈਵਾਨ ਅਤੇ ਉਸ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ, ਈਰਾਨ ਅਤੇ ਪੱਛਮੀ ਏਸ਼ੀਆ ਦੀ ਸੁਰੱਖਿਆ ਸਥਿਤੀ, ਦੇ ਨਾਲ-ਨਾਲ ਦੁਰਲੱਭ ਖਣਿਜਾਂ ਅਤੇ ਸਪਲਾਈ ਚੇਨ ‘ਤੇ ਗੱਲਬਾਤ ਕੇਂਦਰਿਤ ਰਹਿਣ ਦੀ ਸੰਭਾਵਨਾ ਹੈ।

